
ਗ੍ਰਹਿ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ - 'ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਯਤਨ ਕੀਤਾ ਜਾਵੇਗਾ'
ਸ਼ਿਲਾਂਗ : ਉੱਤਰ-ਪੂਰਬੀ ਸੂਬੇ ਦੇ ਦੌਰੇ ਦੇ ਦੂਜੇ ਦਿਨ ਪੰਜਾਬ ਦੇ ਉੱਚ ਪਧਰੀ ਵਫ਼ਦ ਨੇ ਅੱਜ ਸਵੇਰੇ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਜ਼ ਕੇ ਸੰਗਮਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਸ ਚਿਰੋਕਣੇ ਮਸਲੇ ਦਾ ਛੇਤੀ ਤੇ ਸੁਖਾਵਾਂ ਹੱਲ ਕੱਢਣ ਦੀ ਅਪੀਲ ਕੀਤੀ। ਵਫ਼ਦ ਨੇ ਮੇਘਾਲਿਆ ਸਰਕਾਰ ਵੱਲੋਂ ਇਸ ਮੁੱਦੇ 'ਤੇ ਗਠਿਤ ਉੱਚ ਤਾਕਤੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਿੱਖ ਪਰਿਵਾਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਵੀ ਵਿਚਾਰਿਆ ਜਾਵੇ।
Punjab delegation meets Meghalayan home minister
ਇਹ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਗਿਆ ਹੈ ਤਾਂ ਕਿ ਸ਼ਿਲਾਂਗ 'ਚ ਵਸਦੇ ਸਿੱਖਾਂ ਨੂੰ ਧਮਕੀਆਂ ਦੇਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦਾ ਪਤਾ ਲਾਇਆ ਜਾ ਸਕੇ। ਵਫ਼ਦ ਨੇ ਗ੍ਰਹਿ ਮੰਤਰੀ ਨੂੰ ਸ਼ਿਲਾਂਗ ਦੇ ਪੰਜਾਬੀ ਲੇਨ ਏਰੀਏ ਵਿਚ ਦਹਾਕਿਆਂ ਤੋਂ ਰਹਿ ਰਹੇ ਸੈਂਕੜੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨਾਂ ਨੇ ਮਹਿਸੂਸ ਕੀਤਾ ਕਿ ਮੇਘਾਲਿਆ ਸਰਕਾਰ ਨੂੰ ਭਾਈਚਾਰੇ ਵਿਚ ਵਿਸ਼ਵਾਸ ਕਾਇਮ ਰੱਖਣ ਲਈ ਇਸ ਪਾਸੇ ਵੱਲ ਹੋਰ ਕਦਮ ਚੁੱਕੇ ਜਾਣੇ ਚਾਹੀਦੇ ਹਨ।
Punjab delegation meets Meghalayan home minister
ਸ਼ਿਲਾਂਗ ਮਿਊਂਸਪਲ ਬੋਰਡ ਵੱਲੋਂ ਉੱਥੇ ਵਸਦੇ ਸਿੱਖਾਂ ਨੂੰ ਜਾਰੀ ਕੀਤੇ ਨੋਟਿਸ ਦੇ ਮੁੱਦੇ 'ਤੇ ਵਫ਼ਦ ਨੇ ਗ੍ਰਹਿ ਮੰਤਰੀ ਨੂੰ ਘੱਟ ਗਿਣਤੀ ਭਾਈਚਾਰੇ ਦੇ ਮਨਾਂ ਵਿੱਚੋਂ ਕਿਸੇ ਕਿਸਮ ਦੇ ਖਦਸ਼ਿਆਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਵਫ਼ਦ ਨੇ ਕਿਹਾ ਕਿ ਉੱਥੇ ਵਸਦੇ ਸਿੱਖਾਂ ਨੂੰ ਕੱਢਣ ਲਈ ਸਥਾਨਕ ਅਥਾਰਟੀ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਆਪਹੁਦਰੀ ਕਾਰਵਾਈ ਸਿੱਖ ਭਾਈਚਾਰੇ ਦੀ ਆਜ਼ਾਦੀ ਅਤੇ ਕਿਤੇ ਵੀ ਜਾ ਵਸਣ ਦੇ ਅਧਿਕਾਰ ਦਾ ਹਨਨ ਹੋਵੇਗਾ।
Punjab delegation meets Meghalayan home minister
ਮੇਘਾਲਿਆ ਸਰਕਾਰ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਕੀਤੇ ਯਤਨਾਂ 'ਤੇ ਤਸੱਲੀ ਜ਼ਾਹਰ ਕਰਦਿਆਂ ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਜਿਨਾਂ ਨੇ ਸੰਕਟ ਨੂੰ ਟਾਲਣ ਲਈ ਸਰਗਰਮ ਕੋਸ਼ਿਸ਼ਾਂ ਕੀਤੀਆਂ। ਇਸ ਦੇ ਨਾਲ ਹੀ ਵਫ਼ਦ ਨੇ ਕੁਝ ਗਰੁੱਪਾਂ ਵੱਲੋਂ ਹੋਰ ਮੁਸ਼ਕਲਾਂ ਖੜੀਆਂ ਕਰਨ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵਿਰੁੱਧ ਪਹਿਰਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਵਫ਼ਦ ਦੇ ਮੁਖੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਥੋਂ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਲਿਖਿਆ ਪੱਤਰ ਵੀ ਸੌਂਪਿਆ।
Punjab delegation meets Meghalayan home minister
ਗ੍ਰਹਿ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮੇਘਾਲਿਆ ਵਿਚ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਵਫ਼ਦ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਉਪ ਮੁੱਖ ਮੰਤਰੀ ਦੀ ਅਗਵਾਈ ਵਿਚ ਕਾਇਮ ਕੀਤੀ ਉੱਚ ਤਾਕਤੀ ਕਮੇਟੀ ਵੱਲੋਂ ਇਸ ਮੁੱਦੇ ਨਾਲ ਜੁੜੇ ਹਰ ਪਹਿਲੂ ਨੂੰ ਵਿਚਾਰਿਆ ਜਾ ਰਿਹਾ ਹੈ ਅਤੇ ਕੋਈ ਵੀ ਅੰਤਮ ਫ਼ੈਸਲਾ ਸਿਰਫ਼ ਇਸ ਉੱਪਰ ਹੀ ਮੁਨੱਸਰ ਹੋਵੇਗਾ।
Shillong Sikhs
ਪਾਬੰਦੀਸ਼ੁਦਾ ਹਾਈਨੀਟ੍ਰਪ ਨੈਸ਼ਨਲ ਲਿਬਰੇਸ਼ਨ ਕੌਂਸਲ ਵੱਲੋਂ ਦਿੱਤੀਆਂ ਧਮਕੀਆਂ ਦੇ ਮੁੱਦੇ 'ਤੇ ਗ੍ਰਹਿ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਾਵੇਂ ਇਸ ਜਥੇਬੰਦੀ ਕੋਈ ਵਜੂਦ ਨਹੀਂ ਹੈ ਪਰ ਫਿਰ ਵੀ ਸੂਬਾ ਸਰਕਾਰ ਪੂਰੀ ਤਰਾਂ ਚੌਕਸ ਹੈ ਅਤੇ ਇਸ ਸਬੰਧੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਮੀਟਿੰਗ ਦੌਰਾਨ ਸੰਗਮਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਉੱਥੇ ਵਸਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
Shillong Sikhs
ਗ੍ਰਹਿ ਮੰਤਰੀ ਨੇ ਵਫ਼ਦ ਨੂੰ ਜਾਣੂ ਕਰਵਾਇਆ ਕਿ ਮੁੱਖ ਮੰਤਰੀ ਕੋਨਾਰਡ ਸੰਗਮਾ ਪੰਜਾਬ ਦੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਨਿਗਰਾਨੀ ਅਤੇ ਜਾਇਜ਼ਾ ਲੈ ਰਹੇ ਹਨ, ਨੂੰ ਸਥਿਤੀ ਬਾਰੇ ਜਾਣੂ ਕਰਵਾਉਂਦੇ ਰਹਿਣਗੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵਫ਼ਦ ਵਿਚ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਕੁਲਬੀਰ ਸਿੰਘ ਜ਼ੀਰਾ ਸ਼ਾਮਲ ਹਨ। ਵਿਸ਼ੇਸ਼ ਸਕੱਤਰ ਯੋਜਨਾਬੰਦੀ ਡੀ.ਐਸ. ਮਾਂਗਟ ਵੀ ਵਫ਼ਦਟ 'ਚ ਸ਼ਾਮਲ ਹਨ।