
ਅਰਵਿੰਦ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਅਤੇ ਕਾਂਗਰਸ ਉੱਤੇ ਤਿੱਖੇ ਹਮਲੇ ਬੋਲੇ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਅਤੇ ਕਾਂਗਰਸ ਉੱਤੇ ਤਿੱਖੇ ਹਮਲੇ ਬੋਲੇ। ਉਹਨਾਂ ਕਿਹਾ ਕਿ ਭਾਜਪਾ-ਕਾਂਗਰਸ ਨੇ ਮਿਲ ਕੇ ਸੂਬੇ ਨੂੰ ਲੁੱਟਿਆ ਤੇ ਹੁਣ ਮਿਲ ਕੇ ਮੈਨੂੰ ਗਾਲ੍ਹਾਂ ਕੱਢ ਰਹੇ ਹਨ। 'ਆਪ' ਆਗੂ ਨੇ ਕਿਹਾ ਕਿ ਅਸੀਂ ਹਿਮਾਚਲ ਨੂੰ ਦੇਵਭੂਮੀ ਕਹਿੰਦੇ ਹਾਂ, ਇਹ ਦੇਵਤਿਆਂ ਦੀ ਧਰਤੀ ਹੈ, ਜਦੋਂ ਪਰਮਾਤਮਾ ਸੰਸਾਰ ਦੀ ਰਚਨਾ ਕਰ ਰਿਹਾ ਸੀ ਤਾਂ ਉਸ ਨੇ ਹਿਮਾਚਲ ਪ੍ਰਦੇਸ਼ ਨੂੰ ਪੂਰੀ ਦੁਨੀਆ ਵਿਚ ਸਭ ਤੋਂ ਸੋਹਣਾ ਸਥਾਨ ਬਣਾਇਆ, ਪਰਮਾਤਮਾ ਨੇ ਦਿਲ ਖੋਲ੍ਹ ਦਿੱਤਾ ਪਰ ਕਾਂਗਰਸ ਅਤੇ ਭਾਜਪਾ ਵਾਲਿਆਂ ਨੇ ਹਿਮਾਚਲ ਪ੍ਰਦੇਸ਼ ਨੂੰ ਲੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਕਾਂਗਰਸ ਨੇ 30 ਸਾਲ ਰਾਜ ਕੀਤਾ ਹੈ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ ਹੈ।
ਹਿਮਾਚਲ ਦੇ ਸੀਐਮ ਜੈ ਰਾਮ ਠਾਕੁਰ 'ਤੇ ਹਮਲਾ ਕਰਦੇ ਹੋਏ ਉਹਨਾਂ ਕਿਹਾ ਕਿ ਜੈ ਰਾਮ ਠਾਕੁਰ ਟਵੀਟ ਕਰਕੇ ਕਹਿੰਦੇ ਹਨ ਕਿ ਦਿੱਲੀ ਮਾਡਲ ਨਹੀਂ ਚੱਲੇਗਾ, ਦਿੱਲੀ ਮਾਡਲ ਦਾ ਮਤਲਬ ਇਮਾਨਦਾਰ ਸਰਕਾਰ ਹੈ, ਤਾਂ ਕੀ ਹਿਮਾਚਲ 'ਚ ਇਮਾਨਦਾਰ ਸਰਕਾਰ ਨਹੀਂ ਬਣ ਸਕਦੀ? ਮੈਂ ਪੁੱਛਿਆ ਕਿਉਂ ਅਤੇ ਉਹਨਾਂ ਕਿਹਾ ਕਿ ਹਿਮਾਚਲ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤ ਵੱਖਰੇ ਹਨ, ਮੈਂ ਕਿਹਾ ਕਿ ਤੁਹਾਡੀ ਨੀਅਤ ਖਰਾਬ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਮੈਂ ਕੱਟੜ ਦੇਸ਼ ਭਗਤ ਅਤੇ ਇਮਾਨਦਾਰ ਆਦਮੀ ਹਾਂ, ਅਸੀਂ ਅੰਨਾ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਹਾਂ। ਦਿੱਲੀ ਦੇ ਲੋਕਾਂ ਨੇ ਮੌਕਾ ਦਿੱਤਾ ਹੈ, ਤੁਹਾਡੇ ਰਿਸ਼ਤੇਦਾਰ ਦਿੱਲੀ 'ਚ ਹੋਣਗੇ, ਉਹਨਾਂ ਨੂੰ ਪੁੱਛੋ ਕਿ ਸਕੂਲ ਕਿਵੇਂ ਦੇ ਹਨ।
ਜੈ ਰਾਮ ਠਾਕੁਰ ਨੂੰ ਲੰਮੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਜੈ ਰਾਮ ਠਾਕੁਰ ਨੂੰ ਜਿਵੇਂ ਹੀ ਪਤਾ ਲੱਗਾ ਕਿ ਮੈਂ ਹਿਮਾਚਲ ਆ ਰਿਹਾ ਹਾਂ। ਨਕਲ ਕਰਕੇ 125 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੂੰ ਮੋਦੀ ਜੀ ਦਾ ਫੋਨ ਆਇਆ ਕਿ ਖ਼ਬਰਦਾਰ ਜੇ ਦੁਬਾਰਾ ਮੁਫਤ ਬਿਜਲੀ ਦੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਿਰਫ਼ ਚੋਣਾਂ ਤੱਕ ਹੀ ਮੁਫ਼ਤ ਬਿਜਲੀ ਦੇਵਾਂਗੇ। ਅਰਵਿੰਦ ਕੇਜਰੀਵਾਲ ਨੇ ਤੰਜ਼ ਕੱਸਦਿਆਂ ਕਿਹਾ ਕਿ ਇਕ ਇਮਤਿਹਾਨ ਚੱਲ ਰਿਹਾ ਸੀ, ਅੱਗੇ ਇਕ ਬੱਚਾ ਕੇਜਰੀਵਾਲ ਬੈਠਾ ਸੀ, ਪਿੱਛੇ ਜੈ ਰਾਮ ਠਾਕੁਰ। ਕੇਜਰੀਵਾਲ ਨੇ ਲਿਖਿਆ ਕਿ 300 ਯੂਨਿਟ ਬਿਜਲੀ ਫਰੀ, ਜੈ ਰਾਮ ਨੇ ਲਿਖਿਆ ਕਿ 125 ਯੂਨਿਟ ਮੁਫਤ। ਉਹਨਾਂ ਕਿਹਾ ਕਿ ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ।
“ਪੰਜਾਬ ਵਿਚ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ। ਕਿਸੇ ਨੂੰ ਵੀ ਫੋਨ ਕਰਕੇ ਪੁੱਛ ਲਓ। ਬਿਜਲੀ 300 ਯੂਨਿਟ ਮੁਫ਼ਤ ਕਰ ਦਿੱਤੀ। 25,000 ਸਰਕਾਰੀ ਨੌਕਰੀਆਂ ਵੀ ਕੱਢੀਆਂ।