
ਕਾਂਗਰਸ ਇਕੱਲਿਆਂ ਮੋਦੀ ਨੂੰ ਨਹੀਂ ਹਰਾ ਸਕਦੀ, ਇਸ ਲਈ ਦੂਜਿਆਂ ਦੀ ਹਮਾਇਤ ਮੰਗ ਰਹੀ ਹੈ : ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਪਣੇ ਵਿਰੁਧ ਮੋਰਚਾ ਬਣਾਉਣ ਦੀਆਂ ਵਿਰੋਧੀ ਪਾਰਟੀਆਂ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕਾਂਗਰਸ ਦੂਜੀਆਂ ਪਾਰਟੀਆਂ ਦੀ ਹਮਾਇਤ ਇਸ ਲਈ ਮੰਗ ਰਹੀ ਹੈ ਕਿਉਂਕਿ ਉਹ 2024 ਦੀਆਂ ਲੋਕ ਸਭਾ ਚੋਣਾਂ ’ਚ ‘ਇਕੱਲਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ’ਚ ਅਸਮਰੱਥ’ ਹੈ।
ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਭਾਜਪਾ ਵਿਰੋਧੀ ਮੋਰਚਾ ਬਣਾਉਣ ਦਾ ਖਾਕਾ ਤਿਆਰ ਕਰਨ ਲਈ ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂ ਸ਼ੁਕਰਵਾਰ ਨੂੰ ਪਟਨਾ ’ਚ ਬੈਠਕ ਕਰ ਰਹੇ ਹਨ। ਬੈਠਕ ਦੀ ਮੇਜ਼ਬਾਨੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕੀਤੀ।
ਇਹ ਵੀ ਪੜ੍ਹੋ: ਬਿਹਾਰ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਸ਼ੁਰੂ, ਦਿੱਲੀ ’ਚ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਆਰਡੀਨੈਂਸ ’ਤੇ ਕਾਂਗਰਸ ਨੇ ਨਹੀਂ ਖੋਲ੍ਹੇ ਅਪਣੇ ਪੱਤੇ
ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਭਾਜਪਾ ਹੈੱਡਕੁਆਰਟਰ ’ਚ ਜਨਤਾ ਦਲ (ਯੂਨਾਈਟਡ) ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਬੜੀ ‘ਹਾਸੋਹੀਣੀ’ ਗੱਲ ਹੈ ਕਿ ਐਮਰਜੈਂਸੀ ਦੌਰਾਨ ‘ਲੋਕਤੰਤ ਦੇ ਕਤਲ’ ਦੇ ਗਵਾਹ ਬਣੇ ਕੁਝ ਸਿਆਸਤਦਾਨ ਪਟਨਾਂ ’ਚ ਕਾਂਗਰਸ ਦੀ ਛਤਰੀ ਹੇਠ ਇਕੱਠੇ ਹੋਏ ਹਨ। ਈਰਾਨੀ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੀ ਬੈਠਕ ਦਾ ਸੰਦੇਸ਼ ਇਹ ਹੈ ਕਿ ਉਹ ਅਪਣੇ ਦਮ ’ਤੇ ਮੋਦੀ ਦਾ ਮੁਕਾਬਲਾ ਕਰਨ ’ਚ ਅਸਮਰੱਥ ਹਨ।
ਉਨ੍ਹਾਂ ਵਿਅੰਗ ਕੱਸਦਿਆਂ ਕਿਹਾ, ‘‘ਮੈਂ ਖ਼ਾਸ ਤੌਰ ’ਤੇ ਕਾਂਗਰਸ ਦਾ ਧਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਜਨਤਕ ਤੌਰ ’ਤੇ ਐਲਾਨ ਕਰ ਦਿਤਾ ਹੈ ਕਿ ਉਹ ਇਕੱਲੀ ਮੋਦੀ ਨੂੰ ਹਰਾਉਣ ’ਚ ਨਾਕਾਮ ਹੈ। ਇਸ ਲਈ ਉਸ ਨੂੰ ਸਹਾਰੇ ਦੀ ਜ਼ਰੂਰਤ ਹੈ।’’ਉਧਰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਕਾਂਗਰਸ ਨੂੰ ਵਿਸ਼ਵ ਆਗੂਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਹਜ਼ਮ ਨਹੀਂ ਹੋ ਰਹੀ ਹੈ।’’
ਜੇ.ਪੀ. ਨੱਢਾ ਨੇ ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਲੰਮੇ ਹੱਥੀਂ ਲਿਆ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਕਾਂਗਰਸ ਆਗੂ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਐਮਰਜੈਂਸੀ ਦੌਰਾਨ ਕਈ ਮਹੀਨਿਆਂ ਲਈ ਜੇਲ ’ਚ ਸੁੱਟ ਦਿਤਾ ਸੀ।
ਓਡੀਸਾ ਦੇ ਭਵਾਨੀਪਟਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਅੱਜ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਪਟਨਾ ’ਚ ਹੱਥ ਮਿਲਾ ਰਹੀਆਂ ਹਨ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਦੇ ਵਿਰੋਧ ਨਾਲ ਅਪਣੀ ਸਿਆਸਤ ਨੂੰ ਅੱਗੇ ਵਧਾਉਣ ਵਾਲੇ ਸਿਆਸਤਦਾਨਾਂ ਦੀ ਸਥਿਤੀ ਕੀ ਤੋਂ ਕੀ ਹੋ ਗਈ ਹੈ।
ਉਨ੍ਹਾਂ ਕਿਹਾ, ‘‘ਇਹੀ ਲਾਲੂ ਪ੍ਰਸਾਦ ਯਾਦਵ ਪੂਰੇ 22 ਮਹੀਨੇ ਜੇਲ ’ਚ ਰਹੇ। ਕਾਂਗਰਸ ਦੀ ਇੰਦਰਾ... ਰਾਹੁਲ ਦੀ ਦਾਦੀ ਨੇ ਉਨ੍ਹਾਂ ਨੂੰ ਜੇਲ ’ਚ ਸੁਟਿਆ ਸੀ। ਇਹੀ ਨਿਤੀਸ਼ ਕੁਮਾਰ ਪੂਰੇ 20 ਮਹੀਨੇ ਜੇਲ ’ਚ ਰਹੇ। ਕਾਂਗਰਸ ਦੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਜੇਲ ’ਚ ਸੁਟਿਆ ਸੀ।’’
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ’ਤੇ ਨਿਸ਼ਾਨਾ ਲਾਉਂਦਿਆਂ ਨੱਢਾ ਨੇ ਕਿਹਾ ਕਿ ਹਿੰਦੂਆਂ ਦੀ ਗੱਲ ਕਰਨ ਵਾਲੇ ਉਨ੍ਹਾਂ ਦੇ ਪਿਤਾ ਬਾਲਾਸਾਹੇਬ ਠਾਕਰੇ ਕਹਿੰਦੇ ਹੁੰਦੇ ਸਨ ਕਿ ਉਹ ਸ਼ਿਵ ਸੈਨਾ ਨੂੰ ਕਦੇ ਕਾਂਗਰਸ ਹੀਂ ਬਣਨ ਦੇਣਗੇ ਅਤੇ ਜਿਸ ਦਿਨ ਕਾਂਗਰਸ ਨਾਲ ਹੱਥ ਮਿਲਾਉਣਾ ਪਵੇਗਾ, ਤਾਂ ਉਹ ਅਪਣੀ ਦੁਕਾਨ ਬੰਦ ਕਰ ਦੇਣਗੇ।
ਨੱਢਾ ਨੇ ਕਿਹਾ, ‘‘ਅੱਜ ਬਾਲਾ ਸਾਹਬੇ ਠਾਕਰੇ ਸੋਚਦੇ ਹੋਣਗੇ ਕਿ ਕਿਸੇ ਹੋਰ ਨੇ ਨਹੀਂ, ਬਲਕਿ ਉਨ੍ਹਾਂ ਦੇ ਬੇਟੇ ਨੇ ਹੀ ਉਨ੍ਹਾਂ ਦੀ ਦੁਕਾਨ ਬੰਦ ਕਰ ਦਿਤੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਹਾਲਤ ਅੱਜ ਹੋ ਗਈ ਹੈ। ਇਹ ਕਿਹੀ ਸਿਆਸਤ ਹੈ? ਸਿਆਸਤ ’ਚ ਕੀ ਤੋਂ ਕੀ ਹੋ ਗਿਆ? ਕਿੱਥੋਂ ਕਿੱਥੇ ਪੁੱਜ ਗਏ?’’