
ਭੂੰਦੜ, ਤੋਤਾ ਸਿੰਘ, ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਪ੍ਰਵਾਰਵਾਦ ਲਈ ਮੋਹਰੀ
ਚੰਡੀਗੜ੍ਹ (ਐਸ.ਐਸ. ਬਰਾੜ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਬੇਸ਼ਕ ਅਜੇ ਇਕ ਸਾਲ ਤੋਂ ਵੱਧ ਸਮਾਂ ਪਿਆ ਹੈ ਪ੍ਰੰਤੂ ਸੀਨੀਅਰ ਨੇਤਾਵਾਂ ਨੇ ਅਪਣੇ ਅਤੇ ਅਪਣੇ ਧੀਆਂ ਪੁੱਤਰਾਂ ਲਈ ਵੀ ਸੁਰੱਖਿਅਤ ਹਲਕੇ ਤਲਾਸ਼ਣੇ ਆਰੰਭ ਦਿਤੇ ਹਨ। ਸੁਰੱਖਿਅਤ ਹਲਕਿਆਂ ਦੀ ਤਲਾਸ਼ ਵਿਚ ਜ਼ਿਆਦਾ ਸੀਨੀਅਰ ਨੇਤਾ ਹੀ ਸੱਭ ਤੋਂ ਅੱਗੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪਾਰਟੀ ਉਨ੍ਹਾਂ ਦੀ ਨਰਾਜ਼ਗੀ ਮੁਲ ਨਹੀਂ ਲੈ ਸਕਦੀ।
Sukhdev Singh Dhindsa and Parminder Singh Dhindsa
ਜੇਕਰ ਨਾਂਹ ਕੀਤੀ ਤਾਂ ਅਕਾਲੀ ਦਲ ਡੈਮੋਕਰੇਟਿਕ ਦਾ ਟਿਕਾਣਾ ਮੌਜੂਦ ਹੈ। ਪ੍ਰੰਤੂ ਇਸ ਨੀਤੀ ਤੋਂ ਨੌਜਵਾਨ ਆਗੂ ਖਾਸੇ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸੀਨੀਅਰ ਨੇਤਾ ਅਪਣੇ ਲਈ ਹਲਕਾ ਪੱਕਾ ਕਰੀ ਬੈਠੇ ਹਨ ਅਤੇ ਫਿਰ ਅਪਣੇ ਪ੍ਰਵਾਰਕ ਮੈਂਬਰਾਂ ਲਈ ਹੁਣ ਉਹ ਸੁਰੱਖਿਅਤ ਹਲਕੇ ਵੀ ਲੱਭਣ ਲਗੇ ਹਨ। ਇਸ ਸਥਿਤੀ ਵਿਚ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਨੌਜਵਾਨ ਕੀ ਕਰਨਗੇ?
Prem Singh Chandumajra
ਅਕਾਲੀ ਦਲ ਦੇ ਇਕ ਨੌਜਵਾਨ ਆਗੂ ਨਾਲ ਗੱਲ ਹੋਈ ਤਾਂ ਉਹ ਖਾਸੇ ਨਿਰਾਸ਼ ਵੇਖੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੇ ਨੌਜਵਾਨ ਆਗੂ ਦੋ-ਦੋ ਦਹਾਕਿਆਂ ਤੋਂ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਹਲਕੇ ਦੇ ਨੇੜੇ ਨਹੀਂ ਫਟਕਣ ਦਿਤਾ ਜਾ ਰਿਹਾ ਕਿਉਂਕਿ ਸੀਨੀਅਰ ਆਗੂ ਅਪਣੇ ਅਤੇ ਅਪਣੇ ਪ੍ਰਵਾਰਕ ਮੈਂਬਰਾਂ ਲਈ ਰਾਖਵੇਂ ਕਰ ਕੇ ਬੈਠ ਗਏ ਹਨ।
Balwinder Singh Bhunder
ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਉਨ੍ਹਾਂ ਅਕਾਲੀ ਦਲ ਦੇ ਕੁੱਝ ਆਗੂਆਂ ਦੇ ਨਾਮ ਗਿਣਾਏ ਜੋ ਖ਼ੁਦ ਵੀ ਐਮ.ਪੀ. ਜਾਂ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਅਪਣੇ ਧੀਆਂ ਪੁੱਤਰਾਂ ਲਈ ਵਿਧਾਨ ਸਭਾ ਹਲਕੇ ਵੀ ਕਬਜ਼ੇ ਵਿਚ ਕਰ ਰੱਖੇ ਹਨ। ਉਨ੍ਹਾਂ ਦਸਿਆ ਕਿ ਇਸ ਸਮੇਂ ਅਕਾਲੀ ਦਲ ਦੇ ਸੱਭ ਤੋਂ ਸੀਨੀਅਰ ਅਗੂ ਬਲਵਿੰਦਰ ਸਿੰਘ ਭੂੰਦੜ ਹਨ। ਉਹ ਖ਼ੁਦ ਰਾਜ ਸਭਾ ਮੈਂਬਰ ਅਤੇ ਉਨ੍ਹਾਂ ਦਾ ਪੁੱਤਰ ਵਿਧਾਇਕ ਹੈ।
Jathedar Tota Singh
ਇਸੇ ਤਰ੍ਹਾਂ ਜਥੇਦਾਰ ਤੋਤਾ ਸਿੰਘ ਵੀ ਅਸੈਂਬਲੀ ਚੋਣ ਲੜੇ ਅਤੇ ਉਨ੍ਹਾਂ ਦੇ ਪੁੱਤਰ ਨੂੰ ਵੀ ਟਿਕਟ ਮਿਲੀ। ਸੁਖਦੇਵ ਸਿੰਘ ਢੀਂਡਸਾ ਨੇ ਬੇਸ਼ੱਕ ਅਕਾਲੀ ਦਲ ਛੱਡ ਕੇ ਹੁਣ ਅਪਣਾ ਅਕਾਲੀ ਦਲ ਖੜਾ ਕਰ ਲਿਆ ਹੈ ਪ੍ਰੰਤੂ ਉਹ ਅਕਾਲੀ ਦਲ ਦੀ ਟਿਕਟ 'ਤੇ ਰਾਜ ਸਭਾ ਮੈਂਬਰ ਬਣੇ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਨਾ ਸਿਰਫ਼ ਵਿਧਾਨ ਸਭਾ ਚੋਣ ਲਈ ਟਿਕਟ ਮਿਲੀ ਬਲਕਿ ਦੋ ਵਾਰ ਮੰਤਰੀ ਵੀ ਬਣਾਇਆ।
Shiromani Akali Dal
ਇਕ ਹੋਰ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਖ਼ੁਦ ਐਮ.ਪੀ. ਬਣੇ ਰਹੇ ਅਤੇ ਪਿਛਲੀ ਵਾਰ ਲੋਕ ਸਭਾ ਚੋਣ ਹਾਰ ਗਏ। ਪ੍ਰੰਤੂ ਉਨ੍ਹਾਂ ਦੇ ਸਪੁੱਤਰ ਨੂੰ ਸਨੌਰ ਹਲਕੇ ਤੋਂ ਟਿਕਟ ਦਿਤੀ ਜਿਥੋਂ ਉਹ ਵਿਧਾਇਕ ਹਨ। ਹੁਣ ਦੋਵੇਂ ਹੀ ਪਿਉ ਪੁੱਤਰ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੇ ਦਾਅਵੇਦਾਰ ਵੀ ਹਨ। ਸਿਰਫ਼ ਇਥੇ ਹੀ ਗੱਲ ਮੁਕ ਨਹੀਂ ਜਾਂਦੀ ਬਲਕਿ ਅਪਣੇ ਅਤੇ ਅਪਣੇ ਸਪੁੱਤਰ ਲਈ ਸੁਰੱਖਿਅਤ ਹਲਕਿਆਂ ਦੀ ਵੀ ਤਲਾਸ਼ ਵਿਚ ਹਨ।
Harinderpal Singh Chandumajra
ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਪੁੱਤਰ ਹਰਿੰਦਰ ਸਿੰਘ ਚੰਦੂਮਾਜਰਾ ਵੀ ਸਨੌਰ ਹਲਕਾ ਛੱਡ ਕੇ ਘਨੌਰ ਹਲਕੇ 'ਤੇ ਨਜ਼ਰ ਲਗਾਈ ਬੈਠੇ ਹਨ। ਇਸੇ ਤਰ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਰਾਜਪੁਰਾ ਹਲਕੇ 'ਤੇ ਨਜ਼ਰ ਲਗਾਈ ਬੈਠੇ ਹਨ। ਸ. ਚੰਦੂਮਾਜਰਾ ਨੇ ਬਿਨਾਂ ਪਾਰਟੀ ਦੀ ਪ੍ਰਵਾਨਗੀ ਤੋਂ 23 ਅਤੇ 24 ਨਵੰਬਰ ਨੂੰ ਘਨੌਰ ਅਤੇ ਰਾਜਪੁਰਾ ਹਲਕਿਆਂ ਵਿਚ ਰੈਲੀਆਂ ਰੱਖ ਦਿਤੀਆਂ ਹਨ। ਬੇਸ਼ੱਕ ਇਨ੍ਹਾਂ ਰੈਲੀਆਂ ਨੂੰ ਕਿਸਾਨ ਰੈਲੀਆਂ ਦਾ ਨਾਮ ਦਿਤਾ ਗਿਆ ਹੈ ਪ੍ਰੰਤੂ ਅਸਲੀਅਤ ਇਹ ਹੈ ਕਿ ਉਨ੍ਹਾਂ ਦੇ ਸਪੁੱਤਰ ਸਨੌਰ ਹਲਕਾ ਛੱਡ ਕੇ ਘਨੌਰ ਹਲਕੇ ਵਿਚ ਆਉਣਾ ਚਾਹੁੰਦੇ ਹਨ ਅਤੇ ਸ. ਚੰਦੂਮਾਜਰਾ ਰਾਜਪੁਰਾ ਵਿਚ ਰੈਲੀ ਰੱਖ ਕੇ ਲੋਕਾਂ ਦਾ ਰੁਝਾਨ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵੀ ਇਸੇ ਹਲਕੇ ਉਪਰ ਹਨ।
Prem Singh Chandumajra
ਪਾਰਟੀ ਹਲਕਿਆਂ ਵਿਚ ਹੈਰਾਨੀ ਪਾਈ ਜਾ ਰਹੀ ਹੈ ਕਿ ਇਹ ਦੋਵੇਂ ਰੈਲੀਆਂ ਬਿਨਾਂ ਪਾਰਟੀ ਦੀ ਮਨਜ਼ੂਰੀ, ਬਿਨਾਂ ਜ਼ਿਲ੍ਹਾ ਪ੍ਰਧਾਨ ਨੂੰ ਨਾਲ ਲਿਆ ਅਤੇ ਘਨੌਰ ਹਲਕੇ ਦੇ ਇੰਚਾਰਜ ਨੂੰ ਵੀ ਪੁਛਿਆ ਨਹੀਂ ਗਿਆ। ਚੰਦੂਮਾਜਰਾ ਪਾਰਟੀ ਉਪਰ ਦਬਾਅ ਬਣਾਉਣ ਲਈ ਹੀ ਬਿਨਾਂ ਪ੍ਰਵਾਨਗੀ ਰੈਲੀਆਂ ਕਰ ਰਹੇ ਹਨ। ਜੇਕਰ ਉਨ੍ਹਾਂ ਨੂੰ ਮਨਮਰਜ਼ੀ ਦੇ ਹਲਕੇ ਨਾ ਦਿਤੇ ਗਏ ਤਾਂ ਉਨ੍ਹਾਂ ਲਈ ਡੈਮੋਕਰੇਟਿਕ ਅਕਾਲੀ ਦਲ ਦੇ ਦਰਵਾਜ਼ੇ ਵੀ ਖੁਲ੍ਹੇ ਹੋਏ ਹਨ। ਇਸ ਵਿਚ ਕੋਈ ਸ਼ੰਕਾ ਨਹੀਂ ਕਿ ਉਹ ਅਕਾਲੀ ਦਲ ਨਹੀਂ ਛੱਡਣਗੇ ਪ੍ਰੰਤੂ ਉਨ੍ਹਾਂ ਕੋਲ ਅਪਣੀ ਗੱਲ ਮਨਵਾਉਣ ਲਈ ਦੂਸਰਾ ਬਦਲ ਮੌਜੂਦ ਜ਼ਰੂਰ ਹੈ।