
ਕਿਹਾ, ਧੋਖਾ ਕਰ ਕੇ ਕੈਂਸਲ ਕਰਵਾਈ ਟਿਕਟ, ਪਾਰਟੀ ਹਾਈਕਮਾਨ ਨੂੰ ਦੱਸਾਂਗੇ ਨਾਂਅ
Punjab Congress News: ਪੰਜਾਬ 'ਚ ਲੋਕ ਸਭਾ ਉਮੀਦਵਾਰ ਐਲਾਨਣ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਨਹੀਂ ਹੋ ਰਿਹਾ। ਕਾਂਗਰਸ ਨੇ ਫ਼ਤਹਿਗੜ੍ਹ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਮੁੜ ਉਮੀਦਵਾਰ ਬਣਾਇਆ ਹੈ। ਡਾ. ਅਮਰ ਸਿੰਘ ਨੂੰ ਟਿਕਟ ਦੇਣ ਤੋਂ ਕੁੱਝ ਦਿਨ ਬਾਅਦ ਸਾਬਕਾ ਵਿਧਾਇਕ ਅਤੇ ਖੰਨਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਫੇਸਬੁੱਕ 'ਤੇ ਲਾਈਵ ਹੋ ਕੇ ਲੱਖਾ ਨੇ ਅਪਣੀ ਹੀ ਪਾਰਟੀ ਦੇ ਸਿਸਟਮ 'ਤੇ ਸਵਾਲ ਖੜ੍ਹੇ ਕੀਤੇ ਹਨ। ਇਥੋਂ ਤਕ ਕਿ ਨੌਜਵਾਨ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਇਲਜ਼ਾਮ ਲਾਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਨਾਲ ਚੱਲਣਗੇ ਅਤੇ ਸਮਰਥਨ ਦੇਣਗੇ।
ਲਖਵੀਰ ਸਿੰਘ ਲੱਖਾ ਨੇ ਦਸਿਆ ਕਿ ਉਹ ਫਤਹਿਗੜ੍ਹ ਸਾਹਿਬ ਤੋਂ ਟਿਕਟ ਦੀ ਦੌੜ ਵਿਚ ਸ਼ਾਮਲ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਦੀ ਪਾਰਟੀ ਦੇ ਇਕ ਦਲਿਤ ਆਗੂ ਨੇ ਉਸ ਨਾਲ ਧੋਖਾ ਕਰਕੇ ਟਿਕਟ ਕੈਂਸਲ ਕਰਵਾ ਦਿਤੀ। ਇਹ ਆਗੂ ਪੰਜਾਬ ਵਿਚ ਵੀ ਚੋਣ ਲੜ ਰਿਹਾ ਹੈ। ਇਸ ਆਗੂ ਨੇ ਪਾਰਟੀ ਹਾਈਕਮਾਂਡ ਨੂੰ ਗੁੰਮਰਾਹ ਕੀਤਾ ਹੈ। ਅਜਿਹੇ ਆਗੂ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬਰਾਬਰ ਦਾ ਕੋਈ ਨੌਜਵਾਨ ਆਗੂ ਆ ਕੇ ਚੋਣ ਲੜੇ। ਉਸ ਨੂੰ ਇਸ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ। ਆਉਣ ਵਾਲੇ ਦਿਨਾਂ ਵਿਚ ਉਹ ਇਸ ਆਗੂ ਦਾ ਨਾਂ ਤੇ ਕਾਰਨਾਮੇ ਪਾਰਟੀ ਹਾਈਕਮਾਨ ਨੂੰ ਦੱਸਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੁੱਝ ਅਜਿਹੇ ਆਗੂ ਹੁੰਦੇ ਹਨ ਜੋ ਖੁਦ ਨੂੰ ਬਹੁਤ ਉੱਪਰ ਮੰਨਦੇ ਹਨ ਪਰ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਆਗੂ ਸਿਰਫ਼ ਅਪਣੇ ਪਰਿਵਾਰ ਬਾਰੇ ਸੋਚਦੇ ਹਨ, ਸਾਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਫੇਸਬੁੱਕ ਲਾਈਵ ਦੌਰਾਨ ਭਾਵੁਕ ਹੋਏ ਲੱਖਾ ਨੇ ਕਾਂਗਰਸ ਦੇ ਅੰਦਰੂਨੀ ਰਾਜ਼ ਦਾ ਖੁਲਾਸਾ ਕੀਤਾ ਹੈ। ਪਰ ਇਸ ਦੌਰਾਨ ਉਨ੍ਹਾਂ ਨੇ ਮਾਮਲਾ ਭਾਜਪਾ ਵੱਲ ਮੋੜ ਦਿਤਾ। ਲੱਖਾ ਨੇ ਕਿਹਾ ਕਿ ਅੱਜ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ। ਜਿਸ ਤਰ੍ਹਾਂ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਭਾਜਪਾ ਦੇਸ਼ ਵਿਚ ਤਾਨਾਸ਼ਾਹੀ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਵੀ ਗਿਆ ਪਰ ਉਹ ਆਪਣੀ ਪਾਰਟੀ ਨਾਲ ਖੜ੍ਹੇ ਹਨ ਅਤੇ ਕਦੇ ਵੀ ਕਾਂਗਰਸ ਨਹੀਂ ਛੱਡਣਗੇ। ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਉਹ ਅਪਣੀ ਜ਼ਿੰਦਗੀ ਵਿਚ ਕਦੇ ਵੀ ਅਜਿਹਾ ਕਰਨ ਬਾਰੇ ਨਹੀਂ ਸੋਚ ਸਕਦੇ।
ਇਸ ਸਬੰਧੀ ਜਦੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ | ਲੱਖਾ ਰੋਜ਼ਾਨਾ ਉਨ੍ਹਾਂ ਨਾਲ ਚੋਣ ਪ੍ਰਚਾਰ ਕਰਦੇ ਪਰ ਇਸ ਵਿਸ਼ੇ 'ਤੇ ਕੋਈ ਚਰਚਾ ਨਹੀਂ ਹੋਈ। ਲੱਖਾ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਟਿੱਪਣੀ ਕਰ ਸਕਦੇ ਹਨ।