Shiromani Akali Dal News: ਅਕਾਲੀ ਦਲ ਬਾਦਲ ਉਪਰ ਛਾਏ ਸੰਕਟ ਦੇ ਬੱਦਲ, ਇਕ-ਇਕ ਕਰ ਕੇ ਆਗੂ ਹੋ ਰਹੇ ਹਨ ਬਾਗ਼ੀ
Published : Jun 21, 2024, 12:23 pm IST
Updated : Jun 21, 2024, 12:23 pm IST
SHARE ARTICLE
Sukhbir Badal
Sukhbir Badal

ਪੰਥਕ ਹਲਕਿਆਂ ਦੀਆਂ ਦਬ ਕੇ ਰਹਿ ਗਈਆਂ ਰੀਪੋਰਟਾਂ

Shiromani Akali Dal News ਕੋਟਕਪੂਰਾ (ਗੁਰਿੰਦਰ ਸਿੰਘ) : 20 ਫ਼ਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਐਡਵੋਕੇਟ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿਚ ਪੜਤਾਲੀਆ ਕਮੇਟੀ ਦਾ ਗਠਨ ਕਰਦਿਆਂ ਕੱੁਝ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਿਆਰ ਕਰਨ ਦੀ ਹਦਾਇਤ ਹੋਈ। ਰਿਪੋਰਟ ਤਾਂ ਤਿਆਰ ਕਰ ਦਿਤੀ ਗਈ ਪਰ ਉਸ ਨੂੰ ਜਨਤਕ ਕਰਨ ਤੋਂ ਗੁਰੇਜ਼ ਕੀਤਾ ਗਿਆ ਤਾਂ ਅਕਾਲੀ ਦਲ ਬਾਦਲ ਦੇ ਪੰਜਾਬ ਵਿਚ ਮਹਿਜ ਤਿੰਨ ਵਿਧਾਇਕਾਂ ਦੀ ਕਮੇਟੀ ਦੇ ਵਿਧਾਨ ਸਭਾ ਵਿਚ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਜਦੋਂ ਤਕ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤਕ ਉਹ ਸਰਗਰਮ ਸਿਆਸਤ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈਣਗੇ।

ਹੁਣ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਵੀ ਪਾਰਟੀ ਦੀਆਂ ਅੰਦਰਲੀਆਂ ਗੱਲਾਂ ਉਜਾਗਰ ਕਰਦਿਆਂ ਆਖਿਆ ਹੈ ਕਿ ਉਸ ਵਲੋਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਹਲਕਿਆਂ ਤੋਂ ਕ੍ਰਮਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਵਿਰੁਧ ਅਕਾਲੀ ਦਲ ਦੇ ਉਮੀਦਵਾਰ ਖੜੇ ਨਾ ਕਰਨ ਦੀ ਸਲਾਹ ਦਿਤੀ ਗਈ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਤਥਾਕਥਿਤ ਸਲਾਹਕਾਰਾਂ ਦੀਆਂ ਗ਼ਲਤ ਸਲਾਹਾਂ ਕਰ ਕੇ ਉਸ ਦੀ ਬੇਨਤੀ ਠੁਕਰਾ ਦਿਤੀ ਜਿਸ ਕਰ ਕੇ ਪਾਰਟੀ ਨੂੰ ਅਪਣੇ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠਣ ਵਾਲਾ ਸਮਾਂ ਦੇਖਣਾ ਪਿਆ। ਚਰਨਜੀਤ ਸਿੰਘ ਬਰਾੜ ਨੇ ਵਿਧੀ ਵਿਧਾਨ ਸਮੇਤ ਮਾਫ਼ੀ ਮੰਗਣ, ਜ਼ਿਮਨੀ ਚੋਣਾਂ ਵਿਚ ਸੋਚ ਸਮਝ ਕੇ ਉਮੀਦਵਾਰ ਖੜੇ ਕਰਨ ਵਰਗੀਆਂ ਅਨੇਕਾਂ ਅੰਦਰਲੀਆਂ ਗੱਲਾਂ ਦੇ ਨਾਲ ਨਾਲ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਚਰਚਾ ਵੀ ਛੇੜੀ।

ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨੇ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਚਰਚਾ ਛੇੜਨ ਦੇ ਨਾਲ ਨਾਲ ਇਥੋਂ ਤਕ ਆਖ ਦਿਤਾ ਕਿ ਅਸੀਂ ਤਾਂ ‘ਨੋਟਾ’ ਵਾਲੇ ਬਟਨ ਦੀ ਤਰ੍ਹਾਂ ਨਾ ਇਧਰ ਦੇ ਰਹੇ ਤੇ ਨਾ ਉਧਰ ਦੇ ਰਹੇ। ਪੋ੍ਰ. ਚੰਦੂਮਾਜਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੀਤੀ ਅਤੇ ਸੋਚ ਦੇ ਬਿਲਕੁਲ ਉਲਟ ਬਿਆਨ ਜਾਰੀ ਕਰਦਿਆਂ ਆਖਿਆ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ। ਜਦੋਂ ਕਿ ਲੋਕ ਸਭਾ ਚੋਣਾਂ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਵਲੋਂ ਅੰਮ੍ਰਿਤਪਾਲ ਸਿੰਘ ਵਿਰੁਧ ਤਿੱਖੀ ਅਤੇ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਸੀ। ਪੋ੍ਰ. ਚੰਦੂਮਾਜਰਾ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਟੈਂਡ ਦੇ ਵਿਰੋਧ ਵਿਚ ਬਿਆਨ ਜਾਰੀ ਕਰਨ ਵਾਲੀ ਘਟਨਾ ਨੂੰ ਰਾਜਨੀਤਕ ਮਾਹਰ ਆਪੋ-ਅਪਣੇ ਨਜ਼ਰੀਏ ਨਾਲ ਵਾਚ ਰਹੇ ਹਨ। ਬੇਅਦਬੀ ਕਾਂਡ ਦੇ ਪ੍ਰਮੁੱਖ ਗਵਾਹ ਸਾਬਕਾ ਪੁਲਿਸ ਅਫ਼ਸਰ ਸਤਪਾਲ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਬੇਅਦਬੀ ਕਾਂਡ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਲਈ ਪਹਿਲੀ ਐਸ.ਆਈ.ਟੀ. ਏਆਈਜੀ ਆਰ.ਐਸ. ਸੋਹਲ ਦੀ ਅਗਵਾਈ ਵਿਚ ਬਣਾਈ ਗਈ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਮਾਮਲਿਆਂ ਨੂੰ ਅੰਜਾਮ ਦੇਣ ਲਈ ਡੇਰਾ ਸਿਰਸਾ ਵਲੋਂ 6 ਕਰੋੜ ਰੁਪਏ ਵੱਖ-ਵੱਖ ਪ੍ਰੇਮੀਆਂ ਦੇ ਬੈਂਕ ਖਾਤਿਆਂ ਵਿਚ ਭੇਜੇ ਗਏ ਤਾਂ ਬਾਦਲ ਸਰਕਾਰ ਨੇ ਆਰ.ਐਸ. ਸੋਹਲ ਦੀ ਥਾਂ ਆਰ.ਐਸ. ਖੱਟੜਾ ਨੂੰ ਕਮਾਨ ਸੰਭਾਲ ਦਿਤੀ ਅਤੇ ਆਰ.ਐਸ. ਸੋਹਲ ਦੀ ਰਿਪੋਰਟ ਦਬਾਅ ਦਿਤੀ ਗਈ ਜਿਸ ਦਾ ਉਸ ਤੋਂ ਬਾਅਦ ਕਦੇ ਵੀ ਜ਼ਿਕਰ ਨਹੀਂ ਹੋਇਆ।

ਇਸੇ ਤਰ੍ਹਾਂ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੁਖ ਸਿੰਘ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲ ਵਲੋਂ ਅਪਣੀ ਚੰਡੀਗੜ੍ਹ ਵਿਖੇ ਸਥਿਤ ਰਿਹਾਇਸ਼ ’ਤੇ ਤਲਬ ਕਰਨ ਦੇ ਕੀਤੇ ਪ੍ਰਗਟਾਵੇ ਵਿਚ ਸਪੱਸ਼ਟ ਕੀਤਾ ਗਿਆ ਕਿ ਬਾਦਲਾਂ ਨੇ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਦਾ ਆਦੇਸ਼ ਦਿਤਾ, ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਮੌਕੇ ਸ਼੍ਰੋਮਣੀ ਕਮੇਟੀ ਨੇ 90 ਲੱਖ ਰੁਪਏ ਤੋਂ ਵੀ ਜ਼ਿਆਦਾ ਰਕਮ ਉਕਤ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਦਿਤੀ, ਸੰਗਤਾਂ ਦੇ ਵਿਰੋਧ ਤੋਂ ਬਾਅਦ ਜਥੇਦਾਰਾਂ ਨੂੰ ਅਪਣਾ ਫ਼ੈਸਲਾ ਲੈਣਾ ਪਿਆ ਪਰ ਇਹ ਘਟਨਾ ਵੀ ਦਬਾਅ ਦਿਤੀ ਗਈ। ਬਾਦਲ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮਾਮਲਾ ਵੀ ਕੱੁਝ ਇਸੇ ਤਰ੍ਹਾਂ ਦਾ ਹੈ, ਜਸਟਿਸ ਜ਼ੋਰਾ ਸਿੰਘ ਨੇ ਮੰਨਿਆ ਕਿ ਕਮਿਸ਼ਨ ਦੀ ਰਿਪੋਰਟ ਸੌਂਪਣ ਮੌਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਬਾਦਲ ਸਰਕਾਰ ਦਾ ਕੋਈ ਵੀ ਉੱਚ ਅਫ਼ਸਰ ਉਕਤ ਰਿਪੋਰਟ ਨਾ ਲੈਣ ਆਇਆ ਤੇ ਉਸ ਨੂੰ ਮਜਬੂਰਨ ਇਕ ਕਲਰਕ ਨੂੰ ਰਿਪੋਰਟ ਸੌਂਪ ਕੇ ਵਾਪਸ ਪਰਤਣਾ ਪਿਆ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵੀ ਦਬਾਅ ਦਿਤੀ ਗਈ ਜਿਸ ਦਾ ਅੱਜ ਤਕ ਜ਼ਿਕਰ ਤਕ ਨਹੀਂ ਹੋਇਆ। ਭਾਵੇਂ ਗਿਆਨੀ ਗੁਰਮੁਖ ਸਿੰਘ ਚੁੱਪ ਹਨ ਪਰ ਜਸਟਿਸ ਜ਼ੋਰਾ ਸਿੰਘ ਤਾਂ ਅਜੇ ਵੀ ਉਕਤ ਘਟਨਾਵਾਂ ਦਾ ਪ੍ਰਗਟਾਵਾ ਅਕਸਰ ਕਰਦੇ ਰਹਿੰਦੇ ਹਨ।

1 ਦਸੰਬਰ 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਹੋਇਆ, ਉਸੇ ਦਿਨ ਸਪੋਕਸਮੈਨ ਅਖ਼ਬਾਰ ਵਿਰੁਧ ਹੁਕਮਨਾਮਾ ਜਾਰੀ ਹੋਣ ਦੀਆਂ ਖ਼ਬਰਾਂ ਅਗਲੇ ਦਿਨ ਵੱਖ-ਵੱਖ ਅਖ਼ਬਾਰਾਂ ਨੇ ਪ੍ਰਮੁੱਖ ਸੁਰਖੀ ਦੇ ਰੂਪ ਵਿਚ ਛਾਪੀਆਂ, ਅਕਾਲ ਤਖ਼ਤ ਸਾਹਿਬ ਦਾ ਦਫ਼ਤਰ ਅੱਜ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਅਕਾਲ ਤਖ਼ਤ ਤੋਂ ‘ਰੋਜ਼ਾਨਾ ਸਪੋਕਸਮੈਨ’ ਵਿਰੁਧ ਕੋਈ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਗਿਆਨੀ ਗੁਰਬਚਨ ਸਿੰਘ ਨੇ ਬਤੌਰ ਮੁੱਖ ਜਥੇਦਾਰ ਅਕਾਲ ਤਖ਼ਤ ਸਾਹਿਬ ਖ਼ੁਦ ਮੰਨਿਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਨੇ ਕਿਸੇ ਦਬਾਅ ਹੇਠ ਇਕ ਪੈ੍ਰਸ ਨੋਟ ਅਖ਼ਬਾਰਾਂ ਨੂੰ ਜਾਰੀ ਕਰ ਦਿਤਾ ਸੀ ਪਰ ‘ਰੋਜ਼ਾਨਾ ਸਪੋਕਸਮੈਨ’ ਜਾਂ ਉਸ ਦੇ ਸੰਪਾਦਕ ਦਾ ਇਸ ਵਿਚ ਕੋਈ ਕਸੂਰ ਨਹੀਂ ਸੀ ਤੇ ਨਾ ਹੀ ਉਨ੍ਹਾਂ ਪੰਥਕ ਰਹਿਤ ਮਰਿਆਦਾ ਵਿਰੁਧ ਕੋਈ ਕੰਮ ਕੀਤਾ ਸੀ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਗੁਰਬਚਨ ਸਿੰਘ ਦੇ ਪ੍ਰਗਟਾਵਿਆਂ ਦੇ ਬਾਵਜੂਦ ਇਹ ਮਾਮਲਾ ਵੀ ਦਬਾਅ ਦਿਤਾ ਗਿਆ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪੋ੍ਰ. ਦਰਸ਼ਨ ਸਿੰਘ ਵਲੋਂ ਤਲਬ ਕਰਨ ’ਤੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਖ਼ੁਦ ਹਾਜ਼ਰ ਹੋਣ ਪਰ ਜਥੇਦਾਰਾਂ ਵਲੋਂ ਉਸ ਦਾ ਸਾਹਮਣਾ ਕਰਨ ਦੀ ਜੁਰਅਤ ਨਾ ਕਰ ਸਕਣ ਵਾਲਾ ਮਾਮਲਾ ਵੀ ਦਬਾਅ ਦਿਤਾ ਗਿਆ।

ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਪੁਸਤਕ ਜਾਰੀ ਕਰਨ ਵਾਲੀ ਹਰਕਤ ਦਾ ਅੰਕੜਿਆਂ ਸਹਿਤ ਦਲੀਲਾਂ ਨਾਲ ਵਿਰੋਧ ਕਰਨ ’ਤੇ ਕਾਲਾ ਅਫ਼ਗਾਨਾ ਨੂੰ ਪੰਥ ਵਿਚੋਂ ਛੇਕ ਦੇਣ ਪਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਪੁਸਤਕ ਵਿਚ ਵਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਇਤਰਾਜ਼ਯੋਗ ਸਤਰਾਂ ਵਾਲੀ ਗੱਲ ਨੂੰ ਵੀ ਦਬਾਅ ਦਿਤਾ ਗਿਆ। ਬੇਅਦਬੀ ਕਾਂਡ ਤੋਂ ਇਲਾਵਾ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਵਰਗੀਆਂ ਅਨੇਕਾਂ ਨਿੰਦਣਯੋਗ ਤੇ ਅਫ਼ਸੋਸਨਾਕ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨਹੀਂ ਭੜਕੀਆਂ ਅਤੇ ਖ਼ੁਦ ਨੂੰ ਪੰਥ ਦਾ ਠੇਕੇਦਾਰ ਦਰਸਾਉਣ ਵਾਲੀਆਂ ਹਸਤੀਆਂ ਉਕਤ ਸਾਰੀਆਂ ਘਟਨਾਵਾਂ ’ਤੇ ਸ਼ਾਂਤ ਹਨ, ਚੁੱਪੀ ਧਾਰੀ ਹੋਈ ਹੈ ਪਰ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਉਕਤ ਸਵਾਲਾਂ ਦਾ ਜਵਾਬ ਜ਼ਰੂਰ ਮੰਗਦੇ ਰਹਿਣਗੇ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement