
ਬਾਲੀਵੁੱਡ ਘੱਟੋ-ਘੱਟ ਰੋਟੀ ਤਾਂ ਦਿੰਦੈ, ਬਲਾਤਕਾਰ ਕਰ ਕੇ ਛਡਦਾ ਤਾਂ ਨਹੀਂ : ਸਰੋਜ ਖ਼ਾਨ
ਕਾਂਗਰਸ ਆਗੂ ਰੇਣੁਕਾ ਚੌਧਰੀ ਨੇ ਅੱਜ ਕਿਹਾ ਕਿ 'ਕਾਸਟਿੰਗ ਕਾਊਚ' ਇਕ ਅਜਿਹੀ ਕੌੜੀ ਸੱਚਾਈ ਹੈ ਜੋ ਸਿਰਫ਼ ਫ਼ਿਲਮ ਉਦਯੋਗ ਤਕ ਹੀ ਸੀਮਤ ਨਹੀਂ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਕੰਮਕਾਜ ਵਾਲੀ ਥਾਂ ਅਤੇ ਇਥੋਂ ਤਕ ਕਿ ਸੰਸਦ ਵੀ ਅਛੂਤੀ ਨਹੀਂ। ਰੇਣੁਕਾ ਨੇ ਕਿਹਾ, ''ਭਾਰਤ 'ਚ ਉਹ ਸਮਾਂ ਆ ਗਿਆ ਹੈ ਜਦੋਂ ਕਿਹਾ ਜਾਵੇ 'ਮੈਂ ਵੀ'।''
ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਬਾਲੀਵੁੱਡ ਦੀ ਮਸ਼ਹੂਰ ਨ੍ਰਿਤ ਨਿਰਦੇਸ਼ਕ ਸਰੋਜ ਖ਼ਾਨ ਨੇ ਕਾਸਟਿੰਗ ਕਾਊਚ ਦੇ ਸਭਿਆਚਾਰ ਦਾ ਬਚਾਅ ਕੀਤਾ ਹੈ। ਦੇਸ਼ ਵਿਚ ਵਾਪਰ ਰਹੀਆਂ ਬਲਾਤਕਾਰ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਅੱਜ ਸਰੋਜ ਖ਼ਾਨ ਨੇ ਵਿਵਾਦਤ ਬਿਆਨ ਦਿਤਾ ਸੀ, ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਈ। ਬਾਲੀਵੁੱਡ 'ਚ ਔਰਤਾਂ ਨੂੰ ਕੰਮ ਦੇਣ ਦੇ ਨਾਂ 'ਤੇ ਉਨ੍ਹਾਂ ਦੇ ਸਰੀਰਕ ਸ਼ੋਸ਼ਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਸਰੋਜ ਖ਼ਾਨ ਨੇ ਫ਼ਿਲਮ ਉਦਯੋਗ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਫ਼ਿਲਮ ਉਦਯੋਗ ਔਰਤ ਨੂੰ ਸ਼ੋਸ਼ਣ ਤੋਂ ਬਾਅਦ ਕੰਮ ਦਿੰਦਾ ਹੈ ਅਤੇ ਬਲਾਤਕਾਰੀਆਂ ਵਾਂਗ ਮਰਨ ਲਈ ਤਾਂ ਨਹੀਂ ਛਡਦਾ।ਇਸ 'ਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ''ਇਹ ਕੌੜੀ ਸੱਚਾਈ ਹੈ। ਇਹ ਸਿਰਫ਼ ਫ਼ਿਲਮ ਉਦਯੋਗ 'ਚ ਨਹੀਂ ਬਲਕਿ ਹਰ ਕੰਮਕਾਜ ਵਾਲੀ ਥਾਂ 'ਤੇ ਹੁੰਦਾ ਹੈ। ਇਹ ਨਾ ਸੋਚੋ ਕਿ ਸੰਸਦ ਜਾਂ ਕੁੱਝ ਹੋਰ ਕੰਮਕਾਜ ਵਾਲੀਆਂ ਥਾਵਾਂ ਇਸ ਤੋਂ ਅਛੂਤੀਆਂ ਹਨ। ਜੇ ਤੁਸੀਂ ਪਛਮੀ ਦੇਸ਼ਾਂ ਨੂੰ ਵੇਖੋ ਤਾਂ ਵੱਡੀਆਂ ਅਦਾਕਾਰਾਵਾਂ ਵੀ ਸਾਹਮਣੇ ਆਈਆਂ ਹਨ ਅਤੇ ਕਿਹਾ ਹੈ 'ਮੀ ਟੂ' (ਮੈਂ ਵੀ)।''
Saroj Khan
ਰੇਣੁਕਾ ਦੇ ਇਸ ਬਿਆਨ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਦੇ ਬੁਲਾਰੇ ਪੀ.ਐਲ. ਪੂਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਸਾਲ ਹਾਲੀਵੁੱਡ 'ਚ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਿਨਸੀ ਅਪਰਾਧੀਆਂ ਵਿਰੁਧ 'ਮੀ ਟੂ' ਮੁਹਿੰਮ ਸ਼ੁਰੂ ਹੋਈ ਸੀ। ਅਸਲ 'ਚ 'ਮੀ ਟੂ' ਮੁਹਿੰਮ ਹੇਠ ਹੀ ਦਿਤੇ ਇਕ ਬਿਆਨ 'ਚ ਸਰੋਜ ਖ਼ਾਨ ਨੇ ਇਸ ਲਈ ਔਰਤਾਂ ਨੂੰ ਜ਼ਿੰਮੇਵਾਰੀ ਦਸਿਆ ਸੀ ਅਤੇ ਕਿਹਾ ਸੀ ਕਿ ਕਾਸਟਿੰਗ ਕਾਊਚ ਕੋਈ ਨਵੀਂ ਗੱਲ ਨਹੀਂ ਹੈ।
ਬਾਲੀਵੁਡ ਵਿਚ ਅਕਸਰ ਕਾਸਟਿੰਗ ਕਾਊਚ ਦੀਆਂ ਖ਼ਬਰਾਂ ਅਤੇ ਜਿਨਸੀ ਸ਼ੋਸ਼ਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਇਸ 'ਤੇ ਸਰੋਜ ਖ਼ਾਨ ਨੇ ਕਾਸਟਿੰਗ ਕਾਊਚ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਚਲਿਆ ਆਉਂਦਾ ਹੈ।ਉਨ੍ਹਾਂ ਇਹ ਵੀ ਆਖਿਆ ਕਿ ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਰਕਾਰ ਦੇ ਲੋਕ ਵੀ ਇਹ ਕਰਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਫ਼ਿਲਮ ਇੰਡਸਟਰੀ ਦੇ ਪਿੱਛੇ ਕਿਉਂ ਪਏ ਹੋ? ਫ਼ਿਲਮ ਇੰਡਸਟਰੀ ਘੱਟੋ-ਘੱਟ ਰੋਟੀ ਤਾਂ ਦਿੰਦੀ ਹੈ, ਬਲਾਤਕਾਰ ਕਰਨ ਤੋਂ ਬਾਅਦ ਮਰਨ ਲਈ ਤਾਂ ਨਹੀਂ ਛੱਡਦੀ।ਸਰੋਜ ਨੇ ਇਹ ਗੱਲ ਨਿਊਜ਼ ਚੈਨਲ ਦੇ ਇਕ ਸ਼ੋਅ ਵਿਚ ਆਖੀ, ਜਿਥੇ ਉਨ੍ਹਾਂ ਨੂੰ ਬਤੌਰ ਮਹਿਮਾਨ ਬੁਲਾਇਆ ਗਿਆ ਸੀ। ਜਦੋਂ ਫ਼ਿਲਮ ਇੰਡਸਟਰੀ ਵਿਚ ਕਾਸਟਿੰਗ ਕਾਊਚ 'ਤੇ ਸਵਾਲ ਪੁਛਿਆ ਗਿਆ ਤਾਂ ਸਰੋਜ ਨੇ ਇਹ ਜਵਾਬ ਦਿਤਾ। ਇਸ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਸੀ। 69 ਸਾਲ ਦੀ ਸਰੋਜ ਖ਼ਾਨ ਨੇ ਅਪਣੀ ਆਲੋਚਨਾ ਦੇ ਜਵਾਬ 'ਚ ਕਿਹਾ, ''ਮੈਂ ਪਹਿਲਾਂ ਹੀ ਕਿਹਾ ਹੈ ਕਿ ਮੈਂ ਮਾਫ਼ੀ ਮੰਗਦੀ ਹਾਂ। ਪਰ ਤੁਸੀਂ ਉਹ ਸਵਾਲ ਨਹੀਂ ਜਾਣਦੇ ਜੋ ਮੇਰੇ ਕੋਲੋਂ ਪੁਛਿਆ ਗਿਆ ਸੀ ਅਤੇ ਹੁਣ ਇਸ 'ਤੇ ਕਾਫ਼ੀ ਹੰਗਾਮਾ ਹੋ ਗਿਆ ਹੈ।''
ਸਰੋਜ ਨੇ ਕਿਹਾ ਸੀ ਕਿ ਇਹ ਲੜਕੀ ਦੇ ਉਪਰ ਤੈਅ ਕਰਦਾ ਹੈ ਕਿ ਉਹ ਕੀ ਕਰਨਾ ਚਾਹੁੰਦੀ ਹੈ। ਜੇਕਰ ਤੁਸੀਂ ਕਿਸੇ ਦੇ ਹੱਥ ਵਿਚ ਨਹੀਂ ਆਉਣਾ ਚਾਹੋਗੀ ਤਾਂ ਨਹੀਂ ਆਓਗੀ, ਤੁਹਾਡੇ ਕੋਲ ਆਰਟ ਹੈ ਤਾਂ ਕੋਈ ਅਪਣੇ ਆਪ ਨੂੰ ਕਿਉਂ ਵੇਚੇਗੀ? ਉਨ੍ਹਾਂ ਕਿਹਾ ਕਿ ਫ਼ਿਲਮ ਇੰਡਸਟਰੀ ਨੂੰ ਮਾੜਾ ਨਾ ਆਖੋ, ਉਹ ਸਾਡੀ ਮਾਈ ਬਾਪ ਹੈ। ਹਾਲਾਂਕਿ ਜਦੋਂ ਉਨ੍ਹਾਂ ਦੇ ਇਸ ਬਿਆਨ ਦੀ ਆਲੋਚਨਾ ਹੋਣੀ ਸ਼ੁਰੂ ਹੋਈ ਤਾਂ ਉਨ੍ਹਾਂ ਅਪਣੇ ਬਿਆਨ 'ਤੇ ਮੁਆਫ਼ੀ ਵੀ ਮੰਗ ਲਈ। (ਏਜੰਸੀਆਂ)