
ਸ਼ਿਵ ਸੈਨਾ ਨੇ ਦਾਅਵਾ ਕੀਤਾ ਕਿ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੇ ਜੋ ਵੀ ਕੀਤਾ, ਉਸ ਪਿੱਛੇ ਭਾਜਪਾ ਦਾ ਹੱਥ ਹੈ।
ਮੁੰਬਈ: ਮਹਾਰਾਸ਼ਟਰ ਵਿਚ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਪੈਦਾ ਹੋਏ ਸਿਆਸੀ ਵਿਵਾਦ ਦਰਮਿਆਨ ਸ਼ਿਵ ਸੈਨਾ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਿੰਦੂਤਵ ਵਿਚਾਰਧਾਰਾ ਇਕ ਸੱਭਿਆਚਾਰ ਹੈ, ਅਰਾਜਕਤਾ ਨਹੀਂ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਦਾਅਵਾ ਕੀਤਾ ਕਿ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੇ ਜੋ ਵੀ ਕੀਤਾ, ਉਸ ਪਿੱਛੇ ਭਾਜਪਾ ਦਾ ਹੱਥ ਹੈ।
ਦਰਅਸਲ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ 'ਮਾਤੋਸ਼੍ਰੀ' ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਗੱਲ ਕਹੀ ਸੀ, ਜਿਸ ਨਾਲ ਸ਼ਿਵ ਸੈਨਾ ਦੇ ਵਰਕਰ ਨਾਰਾਜ਼ ਹੋ ਗਏ ਅਤੇ ਜੋੜੇ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੱਤਾ। ਵਰਕਰਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ। ਸੰਪਾਦਕੀ 'ਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਹ ਸਭ ਕੁਝ ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ 'ਚ ਕਰਨਾ ਚਾਹੀਦਾ ਹੈ।
ਸ਼ਿਵ ਸੈਨਾ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਹਿੰਦੂਤਵ ਚੰਗੀ ਤਰ੍ਹਾਂ ਚੱਲ ਰਿਹਾ ਹੈ ਕਿਉਂਕਿ ਇਸ ਦੀ ਅਗਵਾਈ ਮੁੱਖ ਮੰਤਰੀ ਊਧਵ ਠਾਕਰੇ ਕਰ ਰਹੇ ਹਨ। ਸੂਬੇ 'ਚ ਹਨੂੰਮਾਨ ਚਾਲੀਸਾ ਦੇ ਪਾਠ 'ਤੇ ਕੋਈ ਪਾਬੰਦੀ ਨਹੀਂ ਪਰ ਮਾਤੋਸ਼੍ਰੀ ਦੇ ਬਾਹਰ ਅਜਿਹਾ ਕਰਨ 'ਤੇ ਜ਼ੋਰ ਕਿਉਂ ਦਿੱਤਾ ਗਿਆ? ਭਾਜਪਾ ਵੱਲੋਂ ਫੈਲਾਈ ਜਾ ਰਹੀ ਅਰਾਜਕਤਾ ਦਾ ਸਮਰਥਨ ਨਹੀਂ ਕੀਤਾ ਜਾਵੇਗਾ। ਹਿੰਦੂਤਵ ਇੱਕ ਸੱਭਿਆਚਾਰ ਹੈ, ਅਰਾਜਕਤਾ ਨਹੀਂ।
ਮੁੰਬਈ ਪੁਲਿਸ ਨੇ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਖਿਲਾਫ ਐਫਆਈਆਰ ਦਰਜ ਕੀਤੀ ਸੀ। ਐਤਵਾਰ ਨੂੰ ਮੁੰਬਈ ਦੀ ਇਕ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਬਾਅਦ ਐਤਵਾਰ ਦੇਰ ਰਾਤ ਅਮਰਾਵਤੀ ਦੇ ਸੰਸਦ ਮੈਂਬਰ ਨਵਨੀਤ ਰਾਣਾ ਨੂੰ ਬਾਈਕੂਲਾ ਮਹਿਲਾ ਜੇਲ੍ਹ ਲਿਜਾਇਆ ਗਿਆ। ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਨਵਨੀਤ ਰਾਣਾ ਨੇ ਅਮਰਾਵਤੀ ਤੋਂ ਲੋਕ ਸਭਾ ਚੋਣ ਲੜਦਿਆਂ ਜਾਅਲੀ ਜਾਤੀ ਸਰਟੀਫਿਕੇਟ ਦਿੱਤਾ ਸੀ।
ਸ਼ਿਵ ਸੈਨਾ ਨੇ ਕਿਹਾ, "ਜੇਕਰ ਭਾਜਪਾ ਚਾਹੁੰਦੀ ਹੈ ਕਿ ਅਜਿਹੇ ਫਰਜ਼ੀ ਲੋਕ ਹਨੂੰਮਾਨ ਚਾਲੀਸਾ ਦਾ ਪਾਠ ਕਰਨ, ਤਾਂ ਇਹ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਪਮਾਨ ਹੈ।" ਪਾਰਟੀ ਨੇ ਦਾਅਵਾ ਕੀਤਾ ਕਿ ਨਵਨੀਤ ਰਾਣਾ ਨੇ 2019 ਦੀਆਂ ਚੋਣਾਂ ਕਾਂਗਰਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਵਰਗੀਆਂ "ਧਰਮ ਨਿਰਪੱਖ" ਪਾਰਟੀਆਂ ਦੀ ਮਦਦ ਨਾਲ ਜਿੱਤੀਆਂ ਸਨ ਪਰ ਹੁਣ ਉਹ ਭਾਜਪਾ ਦੇ ਕੈਂਪ ਵਿਚ ਸ਼ਾਮਲ ਹੋ ਗਏ ਹਨ। ਕੇਂਦਰ ਸਰਕਾਰ 'ਤੇ ਚੁਟਕੀ ਲੈਂਦਿਆਂ ਮਰਾਠੀ ਅਖਬਾਰ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਸਤਾਵ ਦਿੱਤਾ ਜਾ ਰਿਹਾ ਹੈ ਕਿ ਠਾਕਰੇ ਸਰਕਾਰ ਬਾਰੇ ਕੁਝ ਬੁਰਾ ਬੋਲੋ ਅਤੇ ਕੇਂਦਰੀ ਬਲਾਂ ਦੀ ਸੁਰੱਖਿਆ ਪ੍ਰਾਪਤ ਕਰੋ।