‘ਆਪ’ ਦੇ ਦਾਅਵਿਆਂ ਨੂੰ ਦੁਹਰਾਉਂਦਿਆਂ ਕੇਜਰੀਵਾਲ ਨੇ ਉੱਤਰ-ਪਛਮੀ ਦਿੱਲੀ ਦੇ ਬਾਦਲੀ ’ਚ ਇਕ ਰੈਲੀ ’ਚ ਭਾਜਪਾ ਨੂੰ ਦਿਤੀ ਚੁਨੌਤੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਸੁਪਰੀਮੋ ਨੇ ਸਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਉਨ੍ਹਾਂ ’ਤੇ ਹਮਲਾ ਕਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਾਇਆ। ਇਸ ਤੋਂ ਇਕ ਦਿਨ ਪਹਿਲਾਂ ‘ਆਪ’ ਨੇ ਦਾਅਵਾ ਕੀਤਾ ਸੀ ਕਿ ਪਛਮੀ ਦਿੱਲੀ ਦੇ ਵਿਕਾਸਪੁਰੀ ’ਚ ਪਦਯਾਤਰਾ ਦੌਰਾਨ ਕੇਜਰੀਵਾਲ ’ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ।
‘ਆਪ’ ਦੇ ਦਾਅਵਿਆਂ ਨੂੰ ਦੁਹਰਾਉਂਦਿਆਂ ਕੇਜਰੀਵਾਲ ਨੇ ਉੱਤਰ-ਪਛਮੀ ਦਿੱਲੀ ਦੇ ਬਾਦਲੀ ’ਚ ਇਕ ਰੈਲੀ ’ਚ ਕਿਹਾ, ‘‘ਕੱਲ੍ਹ ਉਨ੍ਹਾਂ (ਭਾਜਪਾ) ਨੇ ਵਿਕਾਸਪੁਰੀ ’ਚ ਅਪਣੇ ਗੁੰਡਿਆਂ ਦੀ ਵਰਤੋਂ ਕਰ ਕੇ ਮੇਰੇ ’ਤੇ ਹਮਲਾ ਕੀਤਾ। ਕੀ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ? ਜੇ ਤੁਹਾਡੇ ’ਚ ਤਾਕਤ ਹੈ, ਤਾਂ ਚੋਣ ਲੜੋ।’’ ਇਹ ‘ਪੈਦਲ ਯਾਤਰਾ’ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਭਰ ’ਚ ‘ਆਪ‘ ਆਗੂਆਂ ਵਲੋਂ ਕੀਤੀਆਂ ਜਾ ਰਹੀਆਂ ਜਨਤਕ ਮੀਟਿੰਗਾਂ ਦੀ ਲੜੀ ਦਾ ਹਿੱਸਾ ਸੀ।
‘ਆਪ’ ਨੇ ਕੇਜਰੀਵਾਲ ਨੂੰ ਮਾਰਨ ਦੀ ਡੂੰਘੀ ਸਾਜ਼ਸ਼ ਦਾ ਦੋਸ਼ ਲਾਇਆ, ਭਾਜਪਾ ਨੇ ਇਸ ਨੂੰ ਡਰਾਮਾ ਕਰਾਰ ਦਿਤਾ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਸਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦੋਸ਼ ਲਾਇਆ ਕਿ ਉਹ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹੱਤਿਆ ਦੀ ਡੂੰਘੀ ਸਾਜ਼ਸ਼ ਰਚ ਰਹੀ ਹੈ। ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ‘ਆਪ’ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਬਦਨਾਮ ਕਰਨ ਲਈ ਸੱਤਾਧਾਰੀ ਪਾਰਟੀ ਦਾ ਇਕ ਹੋਰ ਡਰਾਮਾ ਹੈ।
‘ਆਪ’ ਨੇਤਾਵਾਂ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਸੀ ਕਿ ਪਛਮੀ ਦਿੱਲੀ ਦੇ ਵਿਕਾਸਪੁਰੀ ’ਚ ਪਦਯਾਤਰਾ ਦੌਰਾਨ ਕੇਜਰੀਵਾਲ ’ਤੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿਤਾ ਹੈ। ‘ਆਪ’ ਵਲੋਂ ਕਥਿਤ ਹਮਲੇ ਦੀ ਕੋਈ ਵੀਡੀਉ ਉਪਲਬਧ ਨਹੀਂ ਕਰਵਾਈ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਤੋਂ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਮਿਲੀ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, ‘‘ਇਸ ਘਟਨਾ ’ਚ ਪੁਲਿਸ ਦੀ ਮਿਲੀਭੁਗਤ ਸਪੱਸ਼ਟ ਤੌਰ ’ਤੇ ਕੇਜਰੀਵਾਲ ਦੀ ਹੱਤਿਆ ਦੀ ਡੂੰਘੀ ਸਾਜ਼ਸ਼ ਨੂੰ ਦਰਸਾਉਂਦੀ ਹੈ। ਭਾਜਪਾ ਉਨ੍ਹਾਂ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ।’’ ਸੰਜੇ ਸਿੰਘ ਦੇ ਦੋਸ਼ਾਂ ’ਤੇ ਪੁਲਿਸ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ।
‘ਆਪ’ ਆਗੂ ਨੇ ਕਿਹਾ ਕਿ ਵਿਕਾਸਪੁਰੀ ਘਟਨਾ ਦੇ ਬਾਵਜੂਦ ਕੇਜਰੀਵਾਲ ਨਿਰਧਾਰਤ ਸਮੇਂ ਅਨੁਸਾਰ ਪੈਦਲ ਯਾਤਰਾ ਮੁਹਿੰਮ ਜਾਰੀ ਰਖਣਗੇ। ਕੇਜਰੀਵਾਲ ਸਮੇਤ ‘ਆਪ’ ਦੇ ਵੱਖ-ਵੱਖ ਨੇਤਾ ਫ਼ਰਵਰੀ 2025 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਿਆਂ ’ਚ ਪੈਦਲ ਯਾਤਰਾਵਾਂ ਕਰ ਰਹੇ ਹਨ।
ਇਹ ਪੁੱਛੇ ਜਾਣ ’ਤੇ ਕਿ ਪਾਰਟੀ ਨੇ ਇਸ ਘਟਨਾ ਦੇ ਸਬੰਧ ’ਚ ਕੋਈ ਸ਼ਿਕਾਇਤ ਕਿਉਂ ਦਰਜ ਨਹੀਂ ਕਰਵਾਈ, ਸੰਜੇ ਸਿੰਘ ਨੇ ਕਿਹਾ ਕਿ ਜੇ ਪੁਲਿਸ ਨਿਰਪੱਖ ਹੁੰਦੀ ਅਤੇ ਉਸ ਦੇ ਅਧਿਕਾਰੀਆਂ ਨੇ ਹਮਲਾਵਰਾਂ ਦੇ ਸਮੂਹ ਨੂੰ ਰੋਕਣ ਲਈ ਕੁੱਝ ਕੀਤਾ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰ ਭਾਜਪਾ ਦੇ ਯੂਥ ਵਿੰਗ ਨਾਲ ਸਬੰਧਤ ਸਨ।
‘ਆਪ’ ਆਗੂ ਨੇ ਕਿਹਾ ਕਿ ਪੁਲਿਸ ਨੋਟਿਸ ਲੈਣ ਤੋਂ ਬਾਅਦ ਘਟਨਾ ਦੀ ਜਾਂਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਗਲੇਰੀ ਕਾਰਵਾਈ ਲਈ ਇਸ ਮਾਮਲੇ ’ਤੇ ਕਾਨੂੰਨੀ ਰਾਏ ਲੈ ਰਹੀ ਹੈ। ‘ਆਪ’ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਕੇਜਰੀਵਾਲ ’ਤੇ ਹਮਲਾ ਕਰਨ ਵਾਲਿਆਂ ਦਾ ਸਮਰਥਨ ਕਰ ਰਹੇ ਹਨ।
ਇਕ ਹੋਰ ਪ੍ਰੈਸ ਕਾਨਫਰੰਸ ’ਚ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਦੇ ਅਹੁਦੇਦਾਰਾਂ ਨੇ ਕੇਜਰੀਵਾਲ ’ਤੇ ਹਮਲਾ ਕੀਤਾ। ਹਮਲਾਵਰਾਂ ਵਿਚੋਂ ਇਕ ਬੀ.ਜੇ.ਵਾਈ.ਐਮ. ਦੀ ਦਿੱਲੀ ਇਕਾਈ ਦਾ ਉਪ ਪ੍ਰਧਾਨ ਹੈ ਅਤੇ ਦੂਜਾ ਇਸ ਦਾ ਜਨਰਲ ਸਕੱਤਰ ਹੈ।ਭਾਰਦਵਾਜ ਨੇ ਦਾਅਵਾ ਕੀਤਾ ਕਿ ਕੇਜਰੀਵਾਲ ’ਤੇ ਹਮਲਾ ਕਰਨ ਤੋਂ ਬਾਅਦ ਨੱਚ ਰਹੇ ਭਾਜਪਾ ਦੇ ਦੋ ਮੈਂਬਰ ਕੌਂਸਲਰ ਚੋਣ ਹਾਰ ਗਏ ਸਨ।
ਦੂਜੇ ਪਾਸੇ ਭਾਜਪਾ ਆਗੂ ਗੁਪਤਾ ਨੇ ‘ਆਪ’ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਭਾਜਪਾ ’ਤੇ ਦੋਸ਼ ਲਗਾਉਣ ਦੇ ਬਾਵਜੂਦ ‘ਆਪ’ ਨੇ ਕੇਜਰੀਵਾਲ ’ਤੇ ਕਥਿਤ ਹਮਲੇ ਵਿਰੁਧ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਬਦਨਾਮ ਕਰ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਘੱਟ ਰਹੇ ਜਨਤਕ ਸਮਰਥਨ ਤੋਂ ਚਿੰਤਤ ਹੈ ਅਤੇ ਅਜਿਹੀਆਂ ਚਾਲਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।