
31 ਮੁੱਦਿਆਂ 'ਤੇ ਦੇਸ਼ ਦੀ 534 ਲੋਕ ਸਭਾ ਸੀਟਾਂ ਦੇ 2.73 ਲੱਖ ਵੋਟਰਾਂ 'ਤੇ ਕੀਤਾ ਗਿਆ ਸਰਵੇ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰ 'ਚ ਵੜ ਕੇ ਮਾਰਨ ਦੇ ਦਾਅਵੇ ਕਰ ਰਹੀ ਹੈ। ਵਿਰੋਧੀ ਪਾਰਟੀਆਂ ਸਬੂਤ ਮੰਗ ਰਹੀਆਂ ਹਨ। ਵਿਰੋਧੀ ਪਾਰਟੀਆਂ ਰਾਫ਼ੇਲ ਮੁੱਦੇ 'ਤੇ ਸੰਸਦ ਤੋਂ ਸੜਕ ਤਕ ਮੋਦੀ ਸਰਕਾਰ ਨੂੰ ਘੇਰ ਰਹੀਆਂ ਹਨ। ਸਰਕਾਰ ਦਸਤਾਵੇਜ਼ਾਂ ਨੂੰ ਚੋਰੀ ਕਰਵਾ ਰਹੀ ਹੈ। ਟੀਵੀ ਡਿਬੇਟ 'ਚ ਪੱਖ ਅਤੇ ਵਿਰੋਧੀ ਆਗੂ ਆਪਸ 'ਚ ਲੜਾਈ-ਝਗੜਾ ਕਰ ਰਹੇ ਹਨ।
ਭਾਵੇਂ ਜਿੰਨਾ ਮਰਜ਼ੀ ਮੁੱਦਾ ਭਟਕਾ ਲਿਆ ਜਾਵੇ ਆਖ਼ਰਕਾਰ ਬੇਰੁਜ਼ਗਾਰੀ ਹੁਣ ਵੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਨੂੰ ਸਰਕਾਰ ਲੁਕੋ ਰਹੀ ਹੈ ਅਤੇ ਵਿਰੋਧੀ ਧਿਰ ਵੀ ਕਿਤੇ ਨਾ ਕਿਤੇ ਇਸ ਮਾਮਲੇ 'ਤੇ ਸਰਕਾਰ ਦਾ ਹੀ ਸਾਥ ਦਿੰਦਿਆਂ ਨਜ਼ਰ ਆ ਰਹੀਆਂ ਹਨ। ਇਸ ਵਿਚਕਾਰ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ੋਰਮਜ਼ (ਏਡੀਆਰ) ਨੇ ਇਕ ਕੌਮੀ ਸਰਵੇ ਕੀਤਾ ਹੈ। ਇਹ ਸਰਵੇ 31 ਮੁੱਦਿਆਂ 'ਤੇ ਦੇਸ਼ ਦੀ 534 ਲੋਕ ਸਭਾ ਸੀਟਾਂ ਦੇ 2.73 ਲੱਖ ਵੋਟਰਾਂ 'ਤੇ ਕੀਤਾ ਗਿਆ ਹੈ। ਸਰਵੇ ਅਕਤੂਬਰ 2018 ਤੋਂ ਦਸੰਬਰ 2018 ਵਿਚਕਾਰ ਕਰਵਾਇਆ ਗਿਆ ਸੀ।
ਏ.ਡੀ.ਆਰ. ਸਰਵੇ - ਦੇਸ਼ ਦੇ 10 ਸਭ ਤੋਂ ਵੱਡੇ ਮੁੱਦੇ -
ਲਗਭਗ ਪੌਣੇ ਤਿੰਨ ਲੱਖ ਲੋਕਾਂ ਵਿਚਕਾਰ ਕੀਤੇ ਗਏ ਸਰਵੇ 'ਚ ਵੋਟਰਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਲਈ ਸਭ ਤੋਂ ਵੱਡਾ ਮੁੱਦਾ ਕਿਹੜਾ ਹੈ। ਲੋਕਾਂ ਨੇ ਇਨ੍ਹਾਂ ਮੁੱਖ ਮੁੱਦਿਆਂ ਨੂੰ ਚੁਣਿਆ -
- ਰੁਜ਼ਗਾਰ - 46.80%
- ਸਿਹਤ ਸੇਵਾਵਾਂ - 34.60%
- ਪਾਣੀ - 30.50%
- ਵਧੀਆ ਸੜਕਾਂ - 28.34%
- ਵਧੀਆ ਆਵਾਜਾਈ - 27.35%
- ਸਿੰਜਾਈ ਲਈ ਪਾਣੀ - 26.40%
- ਖੇਤੀ ਲਈ ਲੋਨ - 25.62%
- ਫ਼ਾਰਮ ਉਤਪਾਦਾਂ ਦੀ ਸਹੀ ਕੀਮਤ - 25.41%
- ਬੀਜ-ਖਾਦ ਕੀਮਤਾਂ 'ਚ ਰਾਹਤ - 25.06%
- ਵਧੀਆ ਕਾਨੂੰਨ ਵਿਵਸਥਾ - 23.95%
ADR Survey
ਪਿੰਡਾਂ ਅਤੇ ਸ਼ਹਿਰਾਂ ਦੀ ਸਭ ਤੋਂ ਵੱਡੀ ਜ਼ਰੂਰਤ ਨੌਕਰੀ ਹੈ : ਸਰਵੇ 'ਚ ਇਹ ਸਪਸ਼ਟ ਹੈ ਕਿ ਦੇਸ਼ ਦੇ ਪੇਂਡੂ ਇਲਾਕੇ ਹੋਣ ਜਾਂ ਸ਼ਹਿਰੀ, ਦੋਹਾਂ ਥਾਵਾਂ 'ਤੇ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਹੈ ਅਤੇ ਸਭ ਤੋਂ ਵੱਡੀ ਮੰਗ ਵੀ ਹੈ। ਨੌਕਰੀ ਦੀ ਸਭ ਤੋਂ ਵੱਧ ਮੰਗ ਸ਼ਹਿਰੀ ਇਲਾਕਿਆਂ ਅਤੇ ਓਬੀਸੀ ਵਰਗ ਦੀ ਹੈ। ਸ਼ਹਿਰਾਂ ਦੇ 51.60% ਵੋਟਰ ਅਤੇ ਓਬੀਸੀ ਵਰਗ ਦੇ 50.32% ਵੋਟਰਾਂ ਦੀ ਮੰਗ ਨੌਕਰੀ ਹੈ। 23 ਤੋਂ 40 ਉਮਰ ਵਾਲੇ 47.49% ਵੋਟਰਾਂ ਨੂੰ ਰੁਜ਼ਗਾਰ ਦੀ ਲੋੜ ਹੈ।
Govt hospital
ਚੰਗੀ ਸਿਹਤ ਦੂਜੀ ਵੱਡੀ ਮੰਗ : ਸਰਵੇ 'ਚ ਸ਼ਾਮਲ 534 ਲੋਕ ਸਭਾ ਸੀਟ ਦੇ ਵੋਟਰਾਂ ਦੀ ਦੂਜੀ ਸਭ ਤੋਂ ਵੱਡੀ ਮੰਗ ਹੈ ਚੰਗੀ ਸਿਹਤ ਅਤੇ ਚੰਗੀ ਸਿਹਤ ਸਹੂਲਤਾਂ। ਦੇਸ਼ ਦੇ 34.60% ਵੋਟਰ ਇਸ ਨੂੰ ਬਹੁਤ ਜ਼ਰੂਰੀ ਮੰਨਦੇ ਹਨ। ਸ਼ਹਿਰੀ ਇਲਾਕਿਆਂ ਦੇ 39.41% ਲੋਕਾਂ ਨੇ ਇਸ ਨੂੰ ਬਹੁਤ ਜ਼ਰੂਰੀ ਮੰਨਿਆ ਹੈ।
Drinking water
30.50% ਵੋਟਰ ਸਾਫ਼ ਪਾਣੀ ਨੂੰ ਮੰਨਦੇ ਹਨ ਤੀਜਾ ਵੱਡਾ ਮੁੱਦਾ : 30.50% ਵੋਟਰ ਸਾਫ਼ ਪਾਣੀ ਨੂੰ ਤੀਜਾ ਸਭ ਤੋਂ ਵੱਡਾ ਮੁੱਦਾ ਮੰਨਦੇ ਹਨ। ਸਭ ਤੋਂ ਵੱਡੀ ਪ੍ਰੇਸ਼ਾਨੀ ਸ਼ਹਿਰੀ ਇਲਾਕਿਆਂ 'ਚ ਵੇਖਣ ਨੂੰ ਮਿਲ ਰਹੀ ਹੈ। ਇਸ ਲਈ 35.03% ਸ਼ਹਿਰੀ ਵੋਟਰਾਂ ਨੇ ਇਸ ਨੂੰ ਵੱਡਾ ਮੁੱਦਾ ਮੰਨਿਆ ਹੈ। ਹਾਲਾਂਕਿ ਪੇਂਡੂ ਇਲਾਕਿਆਂ 'ਚ 28.05% ਵੋਟਰਾਂ ਨੇ ਹੀ ਇਸ 'ਤੇ ਸਹਿਮਤੀ ਪ੍ਰਗਟਾਈ ਹੈ।