
ਕਿਹਾ - ਭਾਜਪਾ ਨੇ ਭਗਵਾਨ ਅਤੇ ਫ਼ੌਜ ਨੂੰ ਲੋਕਾਂ ਵਿਚ ਵੰਡਣ ਦਾ ਯਤਨ ਕੀਤਾ
ਪਠਾਨਕੋਟ : ਕਾਂਗਰਸ ਪਾਰਟੀ ਵਲੋਂ ਇਕ ਸਮਾਗਮ ਵਿਧਾਇਕ ਅਮਿਤ ਵਿਜ ਦੀ ਅਗਵਾਈ ਹੇਠ ਕੌਂਸਲਰ ਜੁਗਲ ਕਿਸ਼ੋਰ ਦੇ ਨਿਵਾਸ ਸਥਾਨ 'ਤੇ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਭਗਵਾਨ ਅਤੇ ਫ਼ੌਜ ਨੂੰ ਲੋਕਾਂ ਵਿਚ ਵੰਡਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵੀ ਸਾਰਿਆਂ ਦੇ ਹਨ ਅਤੇ ਫ਼ੌਜ ਵੀ ਦੇਸ਼ ਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਜਨਤਾ ਇਕਜੁਟ ਹੈ ਤੇ ਉਨ੍ਹਾਂ ਨੂੰ ਵੋਟਾਂ ਦੇ ਲਈ ਵੰਡਣਾ ਖ਼ਤਰਨਾਕ ਹੋਵੇਗਾ।
ਜਾਖੜ ਨੇ ਕਿਹਾ ਕਿ ਪੰਜ ਸਾਲ ਤੋਂ ਕੇਂਦਰ ਸਰਕਾਰ ਨੇ ਕੋਈ ਰੁਜ਼ਗਾਰ ਨਹੀਂ ਦਿਤਾ ਜਦਕਿ ਵਾਅਦਾ 2 ਕਰੋੜ ਰੁਜ਼ਗਾਰ ਪ੍ਰਤੀ ਸਾਲ ਦੇਣ ਦਾ ਸੀ। ਇਸ ਲਈ ਪੰਜ ਸਾਲ ਜੁਮਲੇਬਾਜ਼ੀ ਹੀ ਕੀਤੀ ਗਈ। ਇਸ ਦੇ ਇਲਾਵਾ ਕੇਂਦਰ ਸਰਕਾਰ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਗਾ ਕੇ ਦੇਸ਼ ਦੀ ਜਨਤਾ ਅਤੇ ਵਪਾਰੀਆਂ ਦੀ ਕਮਰ ਤੋੜ ਕੇ ਰੱਖ ਦਿਤੀ ਹੈ। ਉਨ੍ਹਾਂ ਨੇ ਦ੍ਰਿੜਤਾਪੂਰਬਕ ਕਿਹਾ ਕਿ ਜਨਤਾ ਸਭ ਸਮਝਦੀ ਹੈ ਅਤੇ ਹੁਣ ਕੋਈ ਵੀ ਮੋਦੀ ਦੇ ਬਹਿਕਾਵੇ ਵਿਚ ਆਉਣ ਵਾਲਾ ਨਹੀਂ ਹੈ।
ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਗ਼ਰੀਬਾਂ ਨੂੰ ਜੋ ਘੱਟੋ-ਘੱਟ ਆਮਦਨ ਯੋਜਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਅਨੁਸਾਰ ਲਗਭਗ 5 ਕਰੋੜ ਗ਼ਰੀਬ ਪਰਵਾਰਾਂ ਨੂੰ 72 ਹਜ਼ਾਰ ਰੁਪਏ ਪ੍ਰਤੀ ਸਾਲ ਵਿਚ ਉਨ੍ਹਾਂ ਦੇ ਖਾਤੇ ਵਿਚ ਆਉਣਗੇ, ਜਦੋਂ ਮੋਦੀ ਸਰਕਾਰ ਨੇ 500 ਰੁਪਏ ਪ੍ਰਤੀ ਮਹੀਨਾ ਕਿਸਾਨਾਂ ਦੇ ਖਾਤੇ ਵਿਚ ਪਾਉਣ ਦਾ ਐਲਾਨ ਕੀਤਾ ਸੀ ਤਾਂ ਸੁਖਬੀਰ ਬਾਦਲ ਬਹੁਤ ਖ਼ੁਸ਼ ਹੋਏ ਸਨ ਤੇ ਲੁਡੀਆਂ ਪਾ ਰਹੇ ਸਨ ਪਰ ਅੱਜ ਖ਼ਾਮੋਸ਼ ਹਨ।
ਸੁਖਬੀਰ ਬਾਦਲ ਵਲੋਂ ਉਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਨ ਦੇ ਸਬੰਧ ਵਿਚ ਦਿਤੀ ਗਈ ਚੁਣੌਤੀ 'ਤੇ ਉਨ੍ਹਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਅਪਣਾ ਵਜੂਦ ਪੂਰੀ ਤਰ੍ਹਾਂ ਖੋ ਚੁੱਕਾ ਹੈ ਅਤੇ ਹਤਾਸ਼ਾ ਦੀ ਸਥਿਤੀ ਵਿਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਨੈਸ਼ਨਲ ਪਾਰਟੀ ਹੈ, ਚੋਣ ਕਿਸ ਨੇ, ਕਿਥੋਂ ਲੜਨੀ ਹੈ, ਇਸ ਦਾ ਫ਼ੈਸਲਾ ਹਾਈਕਮਾਨ ਕਰਦਾ ਹੈ।