
ਕਿਹਾ- ਮੈਨੂੰ ਹਿੰਦੂ ਹੋਣ 'ਤੇ ਮਾਣ ਹੈ ਅਤੇ ਇਸ ਤੋਂ ਵੀ ਵੱਧ ਮਾਣ ਹੈ ਕਿ ਮੈਂ ਪੰਜਾਬੀ ਹਾਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵਿਵਾਦਤ ਬਿਆਨ ਨੂੰ ਲੈ ਕੇ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ।
ਇਕ ਨਿੱਜੀ ਅਖ਼ਬਾਰ ਨਾਲ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ, “ਸਾਡੇ ਪਰਿਵਾਰ ਦਾ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਤੋਂ ਰਿਸ਼ਤਾ ਰਿਹਾ ਹੈ। ਜਿਸ ਸਮੇਂ ਮੈਂ ਰਾਜਨੀਤੀ ਦਾ ‘ਰ’ ਵੀ ਨਹੀਂ ਜਾਣਦਾ ਸੀ, ਉਸ ਸਮੇਂ ਮੈਂ ਆਪਣੇ ਪਿਤਾ ਦੀ ਚੋਣ ਲਈ ਕਾਂਗਰਸ ਦਾ ਝੰਡਾ ਚੁੱਕਿਆ। 50 ਸਾਲਾਂ ਦੇ ਸਿਆਸੀ ਸਫ਼ਰ ਵਿਚ ਮੈਂ ਕਦੇ ਵੀ ਪਾਰਟੀ ਦੀ ਸ਼ਾਨ ਨੂੰ ਢਾਹ ਨਹੀਂ ਲੱਗਣ ਦਿੱਤੀ। ਪਾਰਟੀ ਨੇ ਮੈਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ”।
ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਾ ਦੇਣ ਸਬੰਧੀ ਜਾਖੜ ਨੇ ਕਿਹਾ ਕਿ ਇਸ ਦੇ ਦੋ ਕਾਰਨ ਹਨ। ਜੇਕਰ ਮੈਂ ਇਸ ਨੋਟਿਸ ਦਾ ਜਵਾਬ ਦਿੱਤਾ ਹੁੰਦਾ ਤਾਂ ਇਸ ਨਾਲ ਨਾ ਸਿਰਫ਼ ਮੇਰੀ ਸਗੋਂ ਮੇਰੇ ਨਾਲ ਸਾਲਾਂ ਤੋਂ ਜੁੜੇ ਉਹਨਾਂ ਵਰਕਰਾਂ ਦੀ ਵੀ ਤੌਹੀਨ ਹੋਣੀ ਸੀ, ਜੋ ਬਿਨ੍ਹਾਂ ਕਿਸੇ ਸਵਾਰਥ ਦੇ ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਇਸ ਲਈ ਅਜਿਹੇ ਨੋਟਿਸ ਦਾ ਜਵਾਬ ਦੇ ਕੇ ਮੈਂ ਨਾ ਤਾਂ ਸਾਲਾਂ ਤੋਂ ਜੁੜੇ ਵਰਕਰਾਂ ਨੂੰ ਜ਼ਲੀਲ ਕਰ ਸਕਿਆ ਅਤੇ ਨਾ ਹੀ ਆਪਣੇ ਆਪ ਨੂੰ।
ਇਕ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਅਤੇ ਦੇਸ਼ ਵਿਚ ਜੇਕਰ ਕੋਈ ਧਰਮ ਨਿਰਪੱਖ ਸੂਬਾ ਜਾਂ ਧਰਤੀ ਹੈ ਤਾਂ ਉਹ ਪੰਜਾਬ ਹੈ। ਅਸੀਂ ਹੁਣੇ ਹੀ 'ਹਿੰਦ ਦੀ ਚਾਦਰ' ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਹੈ। ਪੰਜਾਬ ਦੀ ਧਰਤੀ 'ਤੇ ਹਿੰਦੂ-ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਜੋ ਅਤਿਵਾਦ ਦੇ ਦਿਨਾਂ ਵਿਚ ਵੀ ਨਹੀਂ ਹੋ ਸਕਿਆ।
ਉਹਨਾਂ ਨੇ ਬਿਨ੍ਹਾਂ ਨਾਮ ਲਏ ਕਿਹਾ ਕਿ ਇਕ ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ। ਇਹ ਸਿਰਫ ਕਾਂਗਰਸ ਦੇ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਮੱਥੇ 'ਤੇ ਕਲੰਕ ਲਗਾਉਣ ਦੇ ਬਰਾਬਰ ਸੀ। ਮੈਂ 18 ਸਤੰਬਰ 2021 ਤੋਂ ਇਹ ਗੱਲ ਕਹਿੰਦਾ ਆ ਰਿਹਾ ਹਾਂ ਕਿ ਇਹ ਸੋਚ ਕਿਸੇ ਛੋਟੀ ਸੋਚ ਵਾਲੇ ਨੇਤਾ ਦੀ ਹੋ ਸਕਦੀ ਹੈ, ਕਾਂਗਰਸ ਦੀ ਨਹੀਂ। ਕਿਸੇ ਨੇ ਗਲਤੀ ਕੀਤੀ, ਦੋਸ਼ ਮੇਰੇ ਸਿਰ ਸੁੱਟ ਦਿੱਤਾ ਗਿਆ।
ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਅਹੁਦੇ ਦੀ ਦੌੜ ਵਿਚ ਨਹੀਂ ਸਨ। ਮੈਨੂੰ ਕਈ ਲੋਕਾਂ ਦੇ ਕਹਿਣ ’ਤੇ ਇਸ ਕਰਕੇ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਮੈਂ ਹਿੰਦੂ ਹਾਂ। ਕੀ ਹਿੰਦੂ ਹੋਣਾ ਮੇਰਾ ਕਸੂਰ ਹੈ? ਮੈਨੂੰ ਹਿੰਦੂ ਹੋਣ 'ਤੇ ਮਾਣ ਹੈ ਅਤੇ ਇਸ ਤੋਂ ਵੀ ਵੱਧ ਮਾਣ ਹੈ ਕਿ ਮੈਂ ਪੰਜਾਬੀ ਹਾਂ। ਰਾਹੁਲ ਗਾਂਧੀ ਨੇ ਮੈਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਦਿਲਾਸਾ ਇਨਾਮ ਨਹੀਂ ਚਾਹੁੰਦਾ ਸੀ।
ਕਾਂਗਰਸ ਹਾਈਕਮਾਨ ਨੂੰ ਮਿਲਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਕੇ ਮੈਨੂੰ ਲਲਕਾਰਿਆ ਗਿਆ ਹੈ। ਹੁਣ ਕਿਸੇ ਨੂੰ ਮਿਲਣ ਦਾ ਸਮਾਂ ਖਤਮ ਹੋ ਗਿਆ ਹੈ। ਅਪਣੇ ਅਗਲੇ ਕਦਮ ਸਬੰਧੀ ਜਾਖੜ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸਿਧਾਂਤਾਂ ਦੀ ਲੜਾਈ ਲੜੀ ਹੈ ਤੇ ਉਹ ਇਸ ਨੂੰ ਜਾਰੀ ਰੱਖਣਗੇ। ਭਾਜਪਾ ਵਿਚ ਸ਼ਾਮਲ ਹੋਣ ਦੇ ਸਵਾਲ ’ਤੇ ਜਾਖੜ ਨੇ ਕਿਹਾ ਕਿ ਥੋੜਾ ਸਬਰ ਰੱਖੋ।