
Tarn Taran by-Election: ਸੱਤਾਧਿਰ ‘ਆਪ’ ਨੇ ਸੰਧੂ ਨੂੰ ਹਲਕਾ ਇੰਚਾਰਜ ਲਾ ਕੇ ਉਮੀਦਵਾਰ ਬਣਾਉਣ ਦਾ ਦਿਤਾ ਸੰਕੇਤ
- ਅਕਾਲੀ ਦਲ ਪਹਿਲਾਂ ਹੀ ਸੁਖਵਿੰਦਰ ਕੌਰ ਨੂੰ ਐਲਾਨ ਚੁੱਕਾ ਹੈ ਉਮੀਦਵਾਰ
- ਕਾਂਗਰਸ ਤੇ ਅੰਮ੍ਰਿਤਪਾਲ ਦੇ ਅਕਾਲੀ ਦਲ ਵੀ ਉਮੀਦਵਾਰਾਂ ਦੀ ਭਾਲ ਵਿਚ ਸਰਗਰਮ
Tarn Taran by-Election News in punjabi : ਮਾਝੇ ਵਿਚ ਪੈਂਦੇ ਅਹਿਮ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੱਖ ਵੱਖ ਪਾਰਟੀਆਂ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਵੇਂ ਕਿ ਹਾਲੇ ਇਸ ਚੋਣ ਦੀ ਤਰੀਕ ਦਾ ਐਲਾਨ ਵੀ ਨਹੀਂ ਹੋਇਆ। ਇਸ ਹਲਕੇ ਦੀ ਸੀਟ ‘ਆਪ’ ਦੇ ਵਿਧਾਇਕ ਡਾ. ਸੋਹਲ ਦੀ ਹੋਈ ਅਚਾਲਕ ਮੌਤ ਕਾਰਨ ਖ਼ਾਲੀ ਹੋਈ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਵਲੋਂ ਇਸ ਸੀਟ ਨੂੰ ਖ਼ਾਲੀ ਐਲਾਨ ਕੇ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ ਜਾ ਚੁੱਕਾ ਹੈ। ਇਹ ਚੋਣ ਇਸੇ ਸਾਲ ਵਿਚ ਹੀ ਹੋਵੇਗੀ ਅਤੇ ਆਉਣ ਵਾਲੇ ਮਹੀਨਿਆਂ ਵਿਚ ਬਿਹਾਰ ਦੀਆਂ ਚੋਣਾਂ ਨਾਲ ਹੀ ਇਸ ਦੀ ਤਰੀਕ ਵੀ ਐਲਾਨੀ ਜਾ ਸਕਦੀ ਹੈ।
ਇਸ ਸੀਟ ’ਤੇ ਵੀ ਲੁਧਿਆਣਾ ਪਛਮੀ ਦੀ ਜ਼ਿਮਨੀ ਚੋਣ ਵਾਂਗ ਦਿਲਚਸਪ ਮੁਕਾਬਲਾ ਹੋਵੇਗਾ। ਇਹ ਇਕ ਪੰਥਕ ਪ੍ਰਭਾਵ ਵਾਲਾ ਹਲਕਾ ਮੰਨਿਆ ਜਾਂਦਾ ਹੈ ਤੇ ਪੇਂਡੂ ਵੋਟਾਂ ਇਥੇ ਜ਼ਿਆਦਾ ਹਨ ਭਾਵੇਂ ਕਿ ਸ਼ਹਿਰੀ ਵੋਟਰ ਵੀ ਹਨ। ਇਸ ਸੀਟ ਉਪਰ ਚੋਣ ਲੜਨ ਲਈ ਸੱਤਾਧਿਰ ‘ਆਪ’ ਤੋਂ ਇਲਾਵਾ ਕਾਂਗਰਸ, ਅਕਾਲੀ ਦਲ, ਭਾਜਪਾ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਵੀ ਸਰਗਰਮੀ ਸ਼ੁਰੂ ਕੀਤੀ ਜਾ ਚੁੱਕੀ ਹੈ। ‘ਆਪ’ ਵਲੋਂ ਤਿੰਨ ਵਾਰ ਦੇ ਅਕਾਲੀ ਵਿਧਾਇਕ ਰਹੇ ਹਰਮੀਤ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕਰਨ ਬਾਅਦ ਹਲਕਾ ਇੰਚਾਰਜ ਵੀ ਐਲਾਨ ਦਿਤਾ ਗਿਆ ਹੈ। ਇਥੇ ਸੰਧੂ ਨੂੰ ਹੀ ‘ਆਪ’ ਦਾ ਉਮੀਦਵਾਰ ਬਣਾਏ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਬਾਦਲ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਆਜ਼ਾਦ ਗਰੁਪ ਦੀ ਆਗ ਸੁਖਵਿੰਦਰ ਕੌਰ ਰੰਧਾਵਾ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਉਮੀਦਵਾਰ ਐਲਾਨ ਚੁੱਕਾ ਹੈ। ਭਾਜਪਾ ਨੇ ਵੀ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਹਲਕੇ ਦਾ ਚੋਣ ਇੰਚਾਰਜ ਥਾਪ ਕੇ ਚੋਣ ਲੜਨ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਤੇ ਕਿਸੇ ਯੋਗ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ।
ਕਾਂਗਰਸ ਵੀ ਉਮੀਦਾਰ ਦੀ ਭਾਲ ਵਿਚ ਲੱਗੀ ਹੋਈ ਹੈ। ਇਸ ਸੀਟ ਤੋਂ ਤਰਨਤਾਰਨ ਦੇ ਸਾਬਕਾ ਸੰਸਦ ਮੈਂਬਰ ਜਸਬੀਰ ਡਿੰਪਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਈ ਹੋਰ ਕਾਂਗਰਸੀ ਦਾਅਵੇਦਾਰ ਵੀ ਸਰਗਰਮ ਹਨ। ਅੰਮ੍ਰਿਤਪਾਲ ਦੇ ਅਕਾਲੀ ਦਲ ਨੇ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਆਖੀ ਸੀ ਪਰ ਉਨ੍ਹਾਂ ਵਲੋਂ ਨਾਂਹ ਹੋਣ ’ਤੇ ਹੁਣ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਜਾਂ ਖ਼ੁਦ ਅੰਮ੍ਰਿਤਪਾਲ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚਲ ਰਹੀ ਹੈ। ਇਹ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੇ ਸੰਸਦੀ ਹਲਕੇ ਖਡੂਰ ਸਾਹਿਬ ਵਿਚ ਹੀ ਪੈਂਦਾ ਹੈ। ਇਥੇ ਅੰਮ੍ਰਿਤਪਾਲ ਦਾ ਦਲ 11 ਅਗੱਸਤ ਨੂੰ ਪੰਜ ਮੈਂਬਰੀ ਕਮੇਟੀ ਵਲੋਂ ਸਥਾਪਤ ਕੀਤੇ ਜਾਣ ਵਾਲੇ ਨਵੇਂ ਅਕਾਲੀ ਦਲ ਨਾਲ ਵੀ ਗਠਜੋੜ ਹੋ ਸਕਦਾ ਹੈ।
"(For more news apart from “Tarn Taran by-Election News in punjabi , ” stay tuned to Rozana Spokesman.)