
Amit Shah News : ਲੋਕਤੰਤਰ ’ਚ ਕਿਸੇ ਵੀ ਪਾਰਟੀ ਦੀ ਜਿੱਤ ਉਸ ਦੀ ਮਿਹਨਤ ’ਤੇ ਨਿਰਭਰ ਕਰਦੀ ਹੈ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਪ੍ਰਗਟਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੇ ਲਗਾਤਾਰ ਪ੍ਰਦਰਸ਼ਨ ਕਾਰਨ ਘੱਟੋ-ਘੱਟ 30 ਸਾਲ ਕੇਂਦਰ ’ਚ ਸੱਤਾ ’ਚ ਰਹੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਕਿਸੇ ਵੀ ਪਾਰਟੀ ਦੀ ਜਿੱਤ ਉਸ ਦੀ ਮਿਹਨਤ ’ਤੇ ਨਿਰਭਰ ਕਰਦੀ ਹੈ ਅਤੇ ਜੇ ਉਹ ਦਿਨ-ਰਾਤ ਮਿਹਨਤ ਕਰਦੀ ਹੈ ਅਤੇ ਜੇ ਤੁਸੀਂ ਅਪਣੇ ਲਈ ਨਹੀਂ ਬਲਕਿ ਦੇਸ਼ ਲਈ ਜਿਉਂਦੇ ਹੋ ਤਾਂ ਜਿੱਤ ਤੁਹਾਡੀ ਹੋਵੇਗੀ।
ਸ਼ੁਕਰਵਾਰ ਰਾਤ ਨੂੰ ਟਾਈਮਜ਼ ਨਾਓ ਸੰਮੇਲਨ 2025 ਵਿਚ ਉਨ੍ਹਾਂ ਕਿਹਾ, ‘‘ਜਦੋਂ ਮੈਂ ਭਾਜਪਾ ਦਾ ਕੌਮੀ ਪ੍ਰਧਾਨ ਸੀ ਤਾਂ ਮੈਂ ਕਿਹਾ ਸੀ ਕਿ ਭਾਜਪਾ ਅਗਲੇ 30 ਸਾਲਾਂ ਤਕ ਸੱਤਾ ’ਚ ਰਹੇਗੀ। ਹੁਣ ਸਿਰਫ 10 ਸਾਲ ਹੋਏ ਹਨ।’’ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਉਸ ਨੂੰ ਜਨਤਾ ਦਾ ਭਰੋਸਾ ਅਤੇ ਜਿੱਤਣ ਦਾ ਆਤਮਵਿਸ਼ਵਾਸ ਮਿਲਦਾ ਹੈ। ਪਰ ਜੋ ਲੋਕ ਪ੍ਰਦਰਸ਼ਨ ਨਹੀਂ ਕਰਦੇ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੈ।’’
ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੀ ਦਿੱਲੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਵੱਡੀ ਮਾਤਰਾ ’ਚ ਨਕਦੀ ਮਿਲਣ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਨੇ ਇਸ ਮੁੱਦੇ ਦਾ ਨੋਟਿਸ ਲਿਆ ਹੈ ਅਤੇ ਜਾਂਚ (ਹਾਈ ਕੋਰਟ ਦੇ ਤਿੰਨ ਜੱਜਾਂ ਦੀ ਕਮੇਟੀ ਰਾਹੀਂ) ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਚੀਫ ਜਸਟਿਸ ਵਲੋਂ ਗਠਿਤ ਕਮੇਟੀ ਦੇ ਨਤੀਜੇ ਦੀ ਉਡੀਕ ਕਰਨੀ ਚਾਹੀਦੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਆਰ.ਐਸ.ਐਸ. ਮੋਦੀ ਸਰਕਾਰ ਦੇ ਕੰਮਕਾਜ ’ਚ ਦਖਲਅੰਦਾਜ਼ੀ ਕਰਦੀ ਹੈ, ਗ੍ਰਹਿ ਮੰਤਰੀ ਨੇ ਕਿਹਾ ਕਿ ਸੰਘ ਵਲੋਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ ਹੈ।
ਵਾਅਦੇ ਅਨੁਸਾਰ ਜੰਮੂ-ਕਸ਼ਮੀਰ ’ਚ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਹਰਾਇਆ ਹੈ ਕਿ ਜੰਮੂ-ਕਸ਼ਮੀਰ ’ਚ ਰਾਜ ਦਾ ਦਰਜਾ ਵਾਅਦੇ ਅਨੁਸਾਰ ਬਹਾਲ ਕੀਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਈਆਂ ਸਨ। ਉਨ੍ਹਾਂ ਕਿਹਾ, ‘‘ਅਸੀਂ ਭਰੋਸਾ ਦਿਤਾ ਹੈ ਕਿ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਰਾਜ ਦਾ ਦਰਜਾ ਦਿਤਾ ਜਾਵੇਗਾ। ਪਰ ਜਨਤਕ ਮੰਚ ’ਤੇ ਇਸ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ ਕਿ ਇਹ ਕਦੋਂ ਦਿਤਾ ਜਾਵੇਗਾ।’’ ਸਾਲ 2019 ’ਚ ਜਦੋਂ ਧਾਰਾ 370 ਨੂੰ ਖਤਮ ਕੀਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਿਆ ਗਿਆ ਸੀ ਤਾਂ ਸ਼ਾਹ ਨੇ ਸੰਸਦ ਨੂੰ ਭਰੋਸਾ ਦਿਤਾ ਸੀ ਕਿ ਸਹੀ ਸਮੇਂ ’ਤੇ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਕਸ਼ਮੀਰ ’ਚ 40 ਸਾਲ ਬਾਅਦ ਇਹ ਪਹਿਲੀ ਚੋਣ ਹੈ, ਜਿਸ ’ਚ ਕਿਸੇ ਵੀ ਥਾਂ ’ਤੇ ਮੁੜ ਵੋਟਿੰਗ ਨਹੀਂ ਹੋਈ। ਅੱਥਰੂ ਗੈਸ ਦਾ ਇਕ ਵੀ ਸ਼ੈੱਲ ਜਾਂ ਗੋਲੀ ਨਹੀਂ ਚਲਾਈ ਗਈ। 60 ਫੀ ਸਦੀ ਲੋਕਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ- ਇਹ ਇਕ ਵੱਡਾ ਬਦਲਾਅ ਹੈ।’’ (ਪੀਟੀਆਈ)