
ਕਿਹਾ, ‘ਮੇਕ ਇਨ ਇੰਡੀਆ’ ਮੁਹਿੰਮ ਦਾ ਭਾਰਤੀ ਅਰਥਵਿਵਸਥਾ ’ਤੇ ‘ਅਸਲ ’ਚ ਵੱਡਾ ਅਸਰ’ ਪਿਆ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਸਕੋ ਦਾ ‘ਸ਼ਾਨਦਾਰ ਮਿੱਤਰ’ ਦਸਿਆ ਅਤੇ ਕਿਹਾ ਕਿ ਮੋਦੀ ਦੇ ‘ਮੇਕ ਇਨ ਇੰਡੀਆ’ ਮੁਹਿੰਮ ਦਾ ਭਾਰਤੀ ਅਰਥਵਿਵਸਥਾ ’ਤੇ ‘ਅਸਲ ’ਚ ਵੱਡਾ ਅਸਰ’ ਪਿਆ ਹੈ।
ਪੁਤਿਨ ਨੇ ਰੂਸ ਦੀ ‘ਏਜੰਸੀ ਫ਼ਾਰ ਸਟ੍ਰੈਟੇਜਿਕ ਇਨੀਸ਼ੀਏਟਿਵਸ’ (ਏ.ਐਸ.ਆਈ਼) ਵਲੋਂ ਮਾਸਕੋ ’ਚ ਵੀਰਵਾਰ ਨੂੰ ਹੋਏ ਇਕ ਪ੍ਰੋਗਰਾਮ ’ਚ ਇਹ ਟਿਪਣੀ ਕੀਤੀ। ਇਹ ਰੂਸ ਵਿਰੁਧ ਨਿਜੀ ਫ਼ੌਜੀ ਸਮੂਹ ‘ਵੈਗਨਰ’ ਦੀ ਫ਼ੌਜੀ ਬਗ਼ਾਵਤ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦੀ ਪਹਿਲੀ ਪ੍ਰਮੁੱਖ ਜਨਤਕ ਹਾਜ਼ਰੀ ਸੀ।
ਉਨ੍ਹਾਂ ਕਿਹਾ, ‘‘ਭਾਰਤ ’ਚ ਸਾਡੇ ਦੋਸਤਾਂ ਅਤੇ ਸਾਡੇ ਸ਼ਾਨਦਾਰ ਮਿੱਤਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਸਾਲ ਪਹਿਲਾਂ ‘ਮੇਕ ਇਨ ਇੰਡੀਆ’ ਪਹਿਲ ਸ਼ੁਰੂ ਕੀਤੀ ਸੀ। ਇਸ ਨੇ ਭਾਰਤੀ ਅਰਥਵਿਵਸਥਾ ’ਤੇ ਅਸਲ ’ਚ ਬੇਹੱਦ ਪ੍ਰਭਾਵਸ਼ਾਲੀ ਅਸਰ ਪਾਇਆ ਹੈ। ਜੋ ਚੀਜ਼ ਚੰਗਾ ਕੰਮ ਕਰ ਰਹੀ ਹੈ, ਉਸ ਦੀ ਨਕਲ ਕਰਨ ’ਚ ਕੋਈ ਬੁਰਾਈ ਨਹੀਂ ਹੈ, ਭਾਵੇਂ ਉਸ ਦੀ ਸ਼ੁਰੂਆਤ ਅਸੀਂ ਨਹੀਂ ਕੀਤੀ, ਬਲਕਿ ਸਾਡੇ ਦੋਸਤਾਂ ਨੇ ਕੀਤੀ ਹੋਵੇ।’’
ਇਹ ਵੀ ਪੜ੍ਹੋ: ‘‘ਫ਼ਰਾਂਸ ਸੜ ਰਿਹਾ ਸੀ, ਅਤੇ ਰਾਸ਼ਰਪਤੀ ਮੈਕਰੋਨ ਸੰਗੀਤ ਸ਼ੋਅ ’ਚ ਤਾੜੀਆਂ ਵਜਾ ਰਹੇ ਸਨ’’
‘ਆਰ.ਟੀ. ਨਿਊਜ਼’ ਦੀ ਖ਼ਬਰ ਅਨੁਸਾਰ ਪੁਤਿਨ ਨੇ ਪਛਮੀ ਦੇਸ਼ਾਂ ਦੀਆਂ ਪਾਬੰਦੀ ਨੀਤੀਆਂ ਕਾਰਨ ਰੂਸੀ ਕੰਪਨੀਆਂ ਲਈ ਮੌਜੂਦ ਮੌਕਿਆਂ ’ਤੇ ਚਰਚਾ ਕਰਦਿਆਂ ਭਾਰਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਸਕੋ ਲਈ, ‘‘ਸਾਡੀਆਂ ਕੰਪਨੀਆਂ ਨੂੰ ਵੱਖੋ-ਵੱਖ ਸਹਾਇਤਾ ਮੰਚ ਮੁਹਈਆ ਕਰਵਾਉਣ ਦੀ ਜ਼ਰੂਰਤ ਹੈ, ਤਾਕਿ ਉਨ੍ਹਾਂ ਨੂੰ ਅਪਣੇ ਉਤਪਾਦਾਂ ਦੀ ਬਿਹਤਰ ਵੰਡ ਕਰਨ ’ਚ ਮਦਦ ਮਿਲ ਸਕੇ।’’
ਪੁਤਿਨ ਨੇ ਸਥਾਨਕ ਪੱਧਰ ’ਤੇ ਨਿਰਮਾਣ ਸਮਰਥਾ ਵਿਕਸਤ ਕਰਨ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚਣ ਲਈ ਇਕ ਅਸਰਦਾਰ ਮਾਡਲ ਬਣਾਉਣ ਲਈ ਭਾਰਤੀ ਅਗਵਾਈ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਆਧੁਨਿਕ ਸੋਚ ਅਤੇ ਤਕਨਾਲੋਜੀ ਜ਼ਰੀਏ ਰੂਸੀ ਉਤਪਾਦਾਂ ਨੂੰ ਜ਼ਿਆਦਾ ਸਹੂਲਤਜਨਕ ਅਤੇ ਕਿਰਿਆਸ਼ੀਲ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ’ਤੇ ਵੀ ਜ਼ੋਰ ਦਿਤਾ।