
ਔਰਤਾਂ ਦੀ ਗੁੱਤ ਕੱਟ ਕੇ ਲਿਜਾਣ ਦੀਆਂ ਕਥਿਤ ਘਟਨਾਵਾਂ ਕਾਰਨ ਕਈ ਰਾਜਾਂ ਦੀਆਂ ਔਰਤਾਂ ਖ਼ੌਫ਼ਜ਼ਦਾ ਹਨ। ਪਿਛਲੇ ਕੁੱਝ ਦਿਨਾਂ ਦੌਰਾਨ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ..
ਨਵੀਂ ਦਿੱਲੀ, 2 ਅਗੱਸਤ : ਔਰਤਾਂ ਦੀ ਗੁੱਤ ਕੱਟ ਕੇ ਲਿਜਾਣ ਦੀਆਂ ਕਥਿਤ ਘਟਨਾਵਾਂ ਕਾਰਨ ਕਈ ਰਾਜਾਂ ਦੀਆਂ ਔਰਤਾਂ ਖ਼ੌਫ਼ਜ਼ਦਾ ਹਨ। ਪਿਛਲੇ ਕੁੱਝ ਦਿਨਾਂ ਦੌਰਾਨ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਔਰਤਾਂ ਦੀ ਗੁੱਤ ਕੱਟ ਕੇ ਲਿਜਾਣ ਦੀਆਂ ਘਟਨਾਵਾਂ ਵਧ ਰਹੀਆਂ ਹਨ।
ਦਿੱਲੀ ਸਮੇਤ ਚਾਰ ਰਾਜਾਂ ਵਿਚ ਦੋ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਡਰ ਏਨਾ ਪੈਦਾ ਹੋ ਗਿਆ ਹੈ ਕਿ ਕਈ ਘਰਾਂ ਦੀਆਂ ਔਰਤਾਂ ਤਾਂ ਰਾਤ ਨੂੰ ਸਿਰ 'ਤੇ ਕਪੜਾ ਬੰਨ੍ਹ ਕੇ ਸੌਂਦੀਆਂ ਹਨ। ਕੁੱਝ ਇਲਾਕਿਆਂ 'ਚ ਲੋਕ ਰਾਤ ਨੂੰ ਪਹਿਰਾ ਦੇਣ ਲੱਗ ਪਏ ਹਨ। ਸੱਭ ਤੋਂ ਪਹਿਲਾਂ ਰਾਜਸਥਾਨ 'ਚ ਇਹ ਘਟਨਾਵਾਂ ਸਾਹਮਣੇ ਆਈਆਂ ਤੇ ਫਿਰ ਦਿੱਲੀ ਵਿਚ ਵੀ ਇਹ ਗਰੋਹ ਸਰਗਰਮ ਹੋ ਗਿਆ।
ਗੁਰੂਗ੍ਰਾਮ ਦੇ ਪਿੰਡ ਵਿਚ ਅਜਿਹੀ ਘਟਨਾ ਵਾਪਰਨ ਤੋਂ ਬਾਅਦ ਪੰਚਾਇਤ ਨੇ ਇਕੱਠ ਕੀਤਾ ਅਤੇ ਇਹ ਗੱਲ ਵੀ ਸਾਹਮਣੇ ਆਈ ਕਿ ਅਜਿਹੀਆਂ ਘਟਨਾਵਾਂ ਮਾਨਸਿਕ ਰੋਗੀਆਂ ਨਾਲ ਹੀ ਵਾਪਰ ਰਹੀਆਂ ਹਨ। ਸੰਭਵ ਹੈ ਕਿ ਬੀਮਾਰੀ ਕਾਰਨ ਔਰਤਾਂ ਖ਼ੁਦ ਹੀ ਗੁੱਤ ਕੱਟ ਲੈਂਦੀਆਂ ਹਨ। ਜਿਹੜੀਆਂ ਔਰਤਾਂ ਦੀਆਂ ਗੁੱਤਾਂ ਕਟੀਆਂ ਗਈਆਂ, ਉਨ੍ਹਾਂ 'ਚੋਂ ਇਕ ਦੇ ਘਰ ਵਿਚ ਕੈਮਰੇ ਲੱਗੇ ਹੋਏ ਹਨ।
ਕੈਮਰੇ ਵਿਚ ਦਿਸ ਰਿਹਾ ਹੈ ਕਿ ਘਰ ਵਿਚ ਘਰ ਦੇ ਜੀਆਂ ਤੋਂ ਬਿਨਾਂ ਕੋਈ ਬਾਹਰੀ ਬੰਦਾ ਦਾਖ਼ਲ ਨਹੀਂ ਹੋਇਆ।
ਪਿੰਡ ਦੀ ਸਰਪੰਚ ਗੀਤਾ ਦੇਵੀ ਨੇ ਕਿਹਾ ਕਿ ਪਿੰਡ ਵਿਚ ਠੀਕਰੀ ਪਹਿਰਾ ਲਾ ਦਿਤਾ ਗਿਆ ਹੈ। ਉਸ ਨੇ ਕਿਹਾ, 'ਇਹ ਸੱਭ ਅੰਧਵਿਸ਼ਵਾਸ ਹੈ। ਜੇ ਕੋਈ ਅਦਿੱਖ ਸ਼ਕੀਤੀ ਹੈ ਤਾਂ ਮੇਰੀ ਗੁੱਤ ਕੱਟ ਕੇ ਵਿਖਾਏ।' ਸੋਮਵਾਰ ਨੂੰ ਵੀ ਅਜਿਹੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ। ਮਨੋਚਿਕਤਸਕ ਡਾ. ਬ੍ਰਹਮਦੀਪ ਸਿੰਧੂ ਨੇ ਕਿਹਾ ਕਿ ਕਿਸੇ ਨਾਲ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ। ਕੁੱਝ ਮਾਮਲਿਆਂ 'ਚ ਔਰਤਾਂ ਮਾਨਸਿਕ ਰੋਗੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਮਾਨਸਿਕ ਬੀਮਾਰੀ ਹੈ ਜਿਸ ਵਿਚ ਕੁੱਝ ਦੇਰ ਲਈ ਵਿਅਕਤੀ ਅਜੀਬ ਹਰਕਤ ਕਰਦਾ ਹੈ ਤੇ ਫਿਰ ਬੇਹੋਸ਼ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਅਜਿਹੀ ਹਾਲਤ ਵਿਚ ਔਰਤ ਅਪਣੀ ਗੁੱਤ ਕੱਟ ਲਵੇ। ਮੀਡੀਆ ਵਿਚ ਖ਼ਬਰਾਂ ਆਉਣ ਕਾਰਨ ਇਹ ਅਫ਼ਵਾਹ ਤੇਜ਼ੀ ਨਾਲ ਫੈਲ ਰਹੀ ਹੈ। ਫ਼ਤਿਹਪੁਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਕ ਔਰਤ ਅਤੇ ਮਰਦ ਘਰ ਵਿਚ ਵੜ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। (ਏਜੰਸੀ)