
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਗਿਆ।
ਨਵੀਂ ਦਿੱਲੀ, 1 ਅਗੱਸਤ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿਖੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਜਥੇਦਾਰ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਦੇ ਮੈਂਬਰ ਤੇ ਐਮ.ਸੀ.ਡੀ ਕੌਂਸਲਰ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰਜੀਤ ਸਿੰਘ ਰਾਜਾ, ਰਵਿੰਦਰਜੀਤ ਸਿੰਘ ਚੰਢੋਕ, ਸਕੂਲ ਗਵਰਨਿੰਗ ਬਾਡੀ ਦੇ ਮੈਂਬਰ ਸਾਹਿਬਾਨ ਤੇ ਇਲਾਕੇ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨ ਤੇ ਹੋਰ ਪਤਵੰਤੇ ਹਾਜ਼ਰ ਸਨ। ਜਿਨ੍ਹਾਂ ਦਾ ਸਕੂਲ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਸਰਦਾਰਨੀ ਜਸਵਿੰਦਰ ਕੌਰ ਵਲੋਂ ਨਿਘਾ ਸਵਾਗਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਵਿਖੇ ਰਖੇ ਗਏ ਸਹਿਜ ਪਾਠ ਦੀ ਸਮਾਪਤੀ ਨਾਲ ਕੀਤੀ ਗਈ। ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ, ਕਵਿਤਾਵਾਂ, ਸਾਖੀਆਂ ਅਤੇ ਢਾਡੀ ਪ੍ਰਸੰਗ ਪੇਸ਼ ਕੀਤੇ।
ਇਸ ਮੌਕੇ ਸਕੂਲ ਚੇਅਰਮੈਨ ਨੇ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜਿਸ ਉਦੇਸ਼ ਨਾਲ ਸ਼ੁਰੂ ਕੀਤੇ ਸਨ ਭਵਿੱਖ ਵਿਚ ਵੀ ਚੜ੍ਹਦੀ ਕਲਾ ਵਿਚ ਰਹਿਣਗੇ।
ਜਥੇ. ਅਵਤਾਰ ਸਿੰਘ ਹਿੱਤ ਨੇ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਜੀਵਨ ਵਿਚ ਗ੍ਰਹਿਣ ਕਰਨ ਦੀ ਪ੍ਰੇਰਨਾ ਕੀਤੀ। ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਸਾਰੇ ਧਰਮ ਪਰਮਾਤਮਾ ਦੀ ਗੱਲ ਤਾਂ ਕਰਦੇ ਹਨ ਪਰ ਸਾਂਝੀਵਾਲਤਾ ਦੀ ਗੱਲ ਸਿਰਫ ਸਿੱਖ ਧਰਮ ਵਿਚ ਹੀ ਵੇਖਣ ਨੂੰ ਮਿਲਦੀ ਹੈ।
ਇਸ ਮੌਕੇ ਸਕੂਲ ਵਲੋਂ ਉਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਵਿਚ ਹੋਏ ਜੋਨਲ ਮੁਕਾਬਲਿਆਂ ਵਿਚ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਸਿੱਖ ਚੇਤਨਾ ਮਿਸ਼ਨ ਦੀ ਪ੍ਰੀਖਿਆ ਵਿਚ ਸਫ਼ਲ ਹੋਏ। ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਮੇਹਾਨ ਨੇ ਸਕੂਲ ਵਿਚ ਹੋ ਰਹੇ ਵਿਕਾਸ ਉਤੇ ਰੌਸ਼ਨੀ ਪਾਈ ਤੇ ਆਏ ਸਾਰਿਆਂ ਦਾ ਧੰਨਵਾਦ ਕੀਤਾ।