
ਆਮ ਆਦਮੀ ਪਾਰਟੀ ਲਈ ਅੱਜ ਦਾ ਦਿਨ ਸੰਕਟਮਈ ਰਿਹਾ। ਚੋਣ ਕਮਿਸ਼ਨ ਨੇ ਲਾਭ ਦੇ ਅਹੁਦੇ ਦੇ ਮਾਮਲੇ ਵਿਚ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ....
ਨਵੀਂ ਦਿੱਲੀ, 19 ਜਨਵਰੀ : ਆਮ ਆਦਮੀ ਪਾਰਟੀ ਲਈ ਅੱਜ ਦਾ ਦਿਨ ਸੰਕਟਮਈ ਰਿਹਾ। ਚੋਣ ਕਮਿਸ਼ਨ ਨੇ ਲਾਭ ਦੇ ਅਹੁਦੇ ਦੇ ਮਾਮਲੇ ਵਿਚ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਸਿਫ਼ਾਰਸ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿਤੀ। ਰਾਸ਼ਟਰਪਤੀ ਨੂੰ ਅੱਜ ਸਵੇਰੇ ਭੇਜੀ ਅਪਣੀ ਰਾਏ ਵਿਚ ਚੋਣ ਕਮਿਸ਼ਨ ਨੇ ਕਿਹਾ ਕਿ ਵਿਧਾਇਕਾਂ ਨੇ 13 ਮਾਰਚ, 2015 ਅਤੇ 8 ਸਤੰਬਰ 2016 ਵਿਚਕਾਰ ਸੰਸਦੀ ਸਕੱਤਰਾਂ ਦੇ ਅਹੁਦੇ 'ਤੇ ਰਹਿੰਦਿਆਂ ਲਾਭ ਦਾ ਅਹੁਦਾ ਰਖਿਆ ਜਿਸ ਕਾਰਨ ਉਹ ਵਿਧਾਇਕਾਂ ਵਜੋਂ ਅਯੋਗ ਠਹਿਰਾਏ ਜਾਣ ਦੇ ਯੋਗ ਹਨ। ਰਾਸ਼ਟਰਪਤੀ ਕਮਿਸ਼ਨ ਦੀ ਸਿਫ਼ਾਰਸ਼ ਨੂੰ ਮੰਨਣ ਲਈ ਪਾਬੰਦ ਹੁੰਦਾ ਹੈ। ਨਿਯਮਾਂ ਮੁਤਾਬਕ ਕਾਨੂੰਨ ਨੂੰ ਅਯੋਗ ਠਹਿਰਾਏ ਜਾਣ ਲਈ ਰਾਸ਼ਟਰਪਤੀ ਨੂੰ ਭੇਜੀਆਂ ਪਟੀਸ਼ਨਾਂ ਚੋਣ ਕਮਿਸ਼ਨ ਦੇ ਸਪੁਰਦ ਕਰ ਦਿਤੀਆਂ ਜਾਂਦੀਆਂ ਹਨ। ਫਿਰ ਚੋਣ ਕਮਿਸ਼ਨ ਫ਼ੈਸਲਾ ਲੈਂਦਾ ਹੈ ਅਤੇ ਅਪਣੀ ਸਿਫ਼ਾਰਸ਼ ਰਾਸ਼ਟਰਪਤੀ ਭਵਨ ਨੂੰ ਭੇਜਦਾ ਹੈ ਜਿਹੜੀ ਪ੍ਰਵਾਨ ਕਰ ਲਈ ਜਾਂਦੀ ਹੈ। ਰਾਸ਼ਟਰਪਤੀ ਵਲੋਂ ਰਾਏ ਮੰਨੇ ਜਾਣ 'ਤੇ 20 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣਗੀਆਂ। ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਖੁੱਸ ਜਾਣ ਨਾਲ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿਚ 'ਆਪ' ਦੇ ਵਿਧਾਇਕਾਂ ਦੀ ਗਿਣਤੀ 66 ਤੋਂ ਘਟ ਕੇ 46 'ਤੇ ਆ ਜਾਵੇਗੀ। ਵਿਧਾਇਕ ਕਪਿਲ ਸ਼ਰਮਾ ਬਾਗ਼ੀ ਹੋ ਚੁਕੇ ਹਨ ਜਦਕਿ ਕੁਮਾਰ ਵਿਸ਼ਵਾਸ ਰਾਜ ਸਭਾ ਵਿਚ ਨਾ ਭੇਜੇ ਜਾਣ ਤੋਂ ਨਾਰਾਜ਼ ਹਨ। ਕਿਹਾ ਜਾ ਰਿਹਾ ਹੈ ਕਿ ਉਸ ਕੋਲ 10 ਵਿਧਾਇਕਾਂ ਦਾ ਸਮਰਥਨ ਹੈ ਤੇ ਮੌਕੇ ਵੇਖਦਿਆਂ ਹੀ ਉਹ ਪਾਰਟੀ ਛੱਡ ਸਕਦੇ ਹਨ। ਦੂਜੇ ਪਾਸੇ, ਭਾਜਪਾ ਦੇ ਚਾਰ ਵਿਧਾਇਕ ਹਨ।
7 ਫ਼ਰਵਰੀ 2015 ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਸਨ ਜਿਸ ਵਿਚ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਜੇ 20 ਵਿਧਾਇਕਾਂ ਦੀ ਮੈਂਬਰੀ ਜਾਂਦੀ ਰਹੀ ਤਾਂ ਦਿੱਲੀ ਵਿਚ ਦੁਬਾਰਾ ਚੋਣਾਂ ਦਾ ਮਾਹੌਲ ਬਣੇਗਾ। ਇਨ੍ਹਾਂ ਸੀਟਾਂ ਉਤੇ ਚੋਣਾਂ ਹੋਣ ਦੀ ਹਾਲਤ ਵਿਚ ਭਾਜਪਾ ਅਤੇ ਕਾਂਗਰਸ ਅਪਣੀ ਹਾਲਤ ਸੁਧਾਰਨ ਲਈ ਪੂਰਾ ਜ਼ੋਰ ਲਾਉਣਗੀਆਂ। 22 ਜਨਵਰੀ ਨੂੰ ਸੇਵਾਮੁਕਤ ਹੋਣ ਤੋਂ ਪਹਿਲਾਂ ਅਪਣੇ ਕੰਮਕਾਰ ਦੇ ਆਖ਼ਰੀ ਦਿਨ ਮੁੱਖ ਚੋਣ ਕਮਿਸ਼ਨਰ ਏ ਕੇ ਜਯੋਤੀ ਨੇ 20 ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿਤੀ। ਪਾਰਟੀ ਅੰਦਰ ਪਹਿਲਾਂ ਹੀ ਬਗ਼ਾਵਤ ਚੱਲ ਰਹੀ ਹੈ। ਪਾਰਟੀ ਦੇ ਕਈ ਵੱਡੇ ਮੈਂਬਰ ਪਿਛਲੇ ਤਿੰਨ ਸਾਲਾਂ ਵਿਚ ਪਾਰਟੀ ਛੱਡ ਚੁਕੇ ਹਨ ਤੇ ਕਈ ਛੱਡਣ ਦਾ ਮੌਕਾ ਵੇਖ ਰਹੇ ਹਨ। ਕੇਜਰੀਵਾਲ ਖ਼ੁਦ ਚਾਰ ਮੰਤਰੀਆਂ ਨੂੰ ਹਟਾ ਚੁਕੇ ਹਨ। ਮੌਕਾ ਵੇਖ ਕੇ ਉਹ ਵੀ ਬਗ਼ਾਵਤ ਕਰ ਸਕਦੇ ਹਨ। ਚਾਰ ਮੰਤਰੀਆਂ ਦੀ ਬਗ਼ਾਵਤ ਕਰਨ ਅਤੇ 20 ਵਿਧਾਇਕਾਂ ਦੀ ਮੈਂਬਰੀ ਜਾਣ ਨਾਲ ਬਹੁਮਤ ਦਾ ਅੰਕੜਾ ਘੱਟ ਕੇ 42 ਉਤੇ ਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਕੁਮਾਰ ਵਿਸ਼ਵਾਸ ਕੋਲ ਵੀ 10 ਵਿਧਾਇਕਾਂ ਦਾ ਸਮਰਥਨ ਹੈ। ਸੋ ਕੇਜਰੀਵਾਲ ਲਈ ਅਗਲਾ ਸਮਾਂ ਕਾਫ਼ੀ ਮੁਸ਼ਕਲ ਬਣ ਗਿਆ ਹੈ। (ਏਜੰਸੀ)