
ਆਮ ਆਦਮੀ ਪਾਰਟੀ ਨੇ ਹੋਰਨਾਂ ਪਾਰਟੀਆਂ ਤੋਂ ਅਪਣੀ ਅਲੱਗ ਪਛਾਣ ਬਣਾਉਂਦੇ ਹੋਏ ਫ਼ੋਟੋ ਕਲਚਰ ਦੇ ਚੌਧਰਪੁਣੇ ਨੂੰ ਖ਼ਤਮ ਕੀਤਾ ਸੀ
ਐਸ.ਏ.ਐਸ. ਨਗਰ (ਦਿਹਾਤੀ), 3 ਨਵੰਬਰ (ਰਣਜੀਤ ਸਿੰਘ) : ਆਮ ਆਦਮੀ ਪਾਰਟੀ ਨੇ ਹੋਰਨਾਂ ਪਾਰਟੀਆਂ ਤੋਂ ਅਪਣੀ ਅਲੱਗ ਪਛਾਣ ਬਣਾਉਂਦੇ ਹੋਏ ਫ਼ੋਟੋ ਕਲਚਰ ਦੇ ਚੌਧਰਪੁਣੇ ਨੂੰ ਖ਼ਤਮ ਕੀਤਾ ਸੀ ਪਰ ਹਲਕਾ ਖਰੜ ਵਿਚ ਪਰਵਾਰਵਾਦ ਅਤੇ ਫ਼ੋਟੋ ਕਲਚਰ ਦੇ ਚੌਧਰਪੁਣੇ ਨੂੰ ਲੈ ਕੇ ਵਿਧਾਇਕ ਕੰਵਰ ਸੰਧੂ ਅਤੇ 'ਆਪ' ਆਗੂ ਆਹਮੋ-ਸਾਹਮਣੇ ਹੋ ਗਏ ਹਨ।
ਸ਼ੂਤਰਾਂ ਅਨੁਸਾਰ ਵੱਟਸਐਪ 'ਤੇ ਹਲਕਾ ਖਰੜ ਦੇ ਵਲੰਟੀਅਰਾ ਲਈ ਆਪ ਖਰੜ ਆਫ਼ੀਸ਼ੀਅਲ ਗਰੁਪ ਦੀ ਪਰੋਫ਼ਾਈਲ ਫ਼ੋਟੋ ਵਿਧਾਇਕ ਸੰਧੂ ਅਤੇ ਵਲੰਟੀਅਰਾਂ ਵਿਚ ਟਕਰਾਅ ਦਾ ਕਾਰਨ ਬਣੀ ਹੋਈ ਹੈ। ਤਿੰਨ ਸਾਲ ਪਹਿਲਾਂ ਬਣੇ ਪਾਰਟੀ ਦੇ ਇਸ ਵੱਟਸਐਪ ਗਰੁੱਪ ਨੂੰ ਵਿਧਾਇਕ ਦੇ ਪਰਵਾਰਕ ਮੈਂਬਰ ਚਲਾ ਰਹੇ ਹਨ। ਪਰਵਾਰਕ ਮੈਂਬਰਾਂ ਵਲੋਂ ਪਰੋਫ਼ਾਈਲ ਫ਼ੋਟੋ ਸੰਧੂ ਦੀ ਲਗਾਈ ਜਾਂਦੀ ਹੈ ਜਦਕਿ ਗਰੁਪ ਵਿਚਲੇ ਪੁਰਾਣੇ ਫ਼ਾਊਂਡਰ ਵਲੰਟੀਅਰ ਪਾਰਟੀ ਚਿੰਨ੍ਹ ਝਾੜੂ ਜਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫ਼ੋਟੋ ਲਗਾ ਦਿੰਦੇ ਹਨ। ਇਸ ਤਰ੍ਹਾਂ ਮਾਮਲੇ ਦੀ ਖਿਚੋਤਾਣ ਇਸ ਕਦਰ ਵਧ ਗਈ ਕਿ ਵਿਧਾਇਕ ਸੰਧੂ ਨੇ ਪਾਰਟੀ ਦੇ ਕਹਿੰਦੇ ਕਹਾਉਂਦੇ ਆਗੂਆਂ ਨੂੰ ਬਿਨਾਂ ਦੱਸੇ ਗਰੁੱਪ ਚੋਂ ਬਾਹਰ ਦਾ ਰਾਸਤਾ ਦਿਖਾ ਦਿਤਾ। ਇਸ ਕਾਰਵਾਈ ਨੇ ਪਾਰਟੀ ਵਿਚ ਭਾਂਬੜ ਮਚਾ ਦਿਤੇ ਹਨ। ਵਿਧਾਇਕ ਸੰਧੂ ਦੀ ਇਸ ਕਾਰਵਾਈ ਨੂੰ ਬਹੁ-ਗਿਣਤੀ ਵੰਲਟੀਅਰ ਤਾਨਾਸ਼ਾਹੀ ਕਰਾਰ ਦੇ ਰਹੇ ਹਨ। ਸ਼ੂਤਰਾਂ ਮੁਤਾਬਕ ਪਾਰਟੀ ਦੇ ਦਰਜਨ ਦੇ ਕਰੀਬ ਸਰਕਲ ਇੰਚਾਰਜ ਅਤੇ 100 ਦੇ ਕਰੀਬ ਬੂਥ ਇੰਚਾਰਜ ਵਿਧਾਇਕ ਦੇ ਹਲਕੇ ਵਿਚੋਂ ਗ਼ੈਰਹਾਜ਼ਰ ਰਹਿਣ ਕਰ ਕੇ ਵਰਕਰਾਂ ਦੀ ਕੋਈ ਪੁੱਛ ਪਰਤੀਤ ਨਾ ਕਰਨ ਕਾਰਨ ਅਤੇ ਤਾਨਾਸ਼ਾਹ ਰਵਈਏ ਕਾਰਨ ਪਾਰਟੀ ਛੱਡਣ ਦਾ ਮਨ ਬਣਾ ਚੁਕੇ ਹਨ। ਵਿਧਾਇਕ ਸੰਧੂ ਨੇ ਪਾਰਟੀ ਲਾਈਨ 'ਤੇ ਪਹਿਰਾ ਦੇਣ ਵਾਲੇ ਅੱਧੀ ਦਰਜਨ ਦੇ ਕਰੀਬ ਧੜੱਲੇਦਾਰ ਵਲੰਟੀਅਰਾਂ ਦਿਨੇਸ਼ ਚੱਢਾ ਆਰ.ਟੀ.ਆਈ. ਵਿੰਗ ਦੇ ਕੋ. ਕਨਵੀਨਰ ਐਡਵੋਕੇਟ ਚੰਦਰ ਸ਼ੇਖਰ ਬਾਵਾ ਕੰਪੇਨ ਇੰਚਾਰਜ ਵਿਧਾਨ ਸਭਾ ਖਰੜ, ਹਰਜੀਤ ਸਿੰਘ ਸਾਬਕਾ ਜੁਆਇੰਟ ਸੈਕਟਰੀ ਪੰਜਾਬ, ਕੁਲਵੰਤ ਗਿੱਲ ਸਰਕਲ ਇੰਚਾਰਜ ਖਰੜ, ਬਚਨ ਸਿੰਘ ਐਕਸ. ਸਰਵਿਸਮੈਨ ਪ੍ਰਧਾਨ ਖਰੜ ਨੂੰ ਗਰੁੱਪ ਤੋਂ ਬਾਹਰ ਕਰ ਦਿਤਾ।
ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕੁੱਝ ਪਾਰਟੀ ਆਗੂਆਂ ਨੇ ਪ੍ਰਗਟਾਵਾ ਕੀਤਾ ਕਿ ਹਲਕਾ ਵਿਧਾਇਕ ਕਥਿਤ ਰੂਪ ਵਿਚ ਅਪਣੇ ਆਪ ਨੂੰ ਪਾਰਟੀ ਸੁਪਰੀਮੋ ਸਮਝਣ ਦਾ ਭਰਮ ਪਾਲੀ ਤਾਨਾਸ਼ਾਹ ਬਣ ਬੈਠਾ ਹੈ। ਦਿੱਲੀ ਹਾਈਕਮਾਂਡ ਤੋਂ ਆਪ੍ਰੇਟ ਹੋ ਰਹੇ ਆਪ ਆਫ਼ੀਸ਼ੀਅਲ ਗਰੁਪ ਦੇ ਬਾਵਜੂਦ ਚੋਣਾਂ ਜਿੱਤਣ ਤੋਂ ਤੁਰਤ ਬਾਅਦ ਵਿਧਾਇਕ ਸੰਧੂ ਨੇ ਇਸ ਗਰੁਪ ਦੇ ਸਮਾਨਅੰਤਰ ਅਪਣਾ ਅਲੱਗ ਐਮ.ਐਲ.ਏ. ਗਰੁੱਪ ਬਣਾ ਲਿਆ ਸੀ ਅਤੇ ਦੋਵੇਂ ਗਰੁਪਾਂ ਦੀ ਕਮਾਂਡ ਅਪਣੇ ਹੱਥ ਰੱਖੀ ਹੋਈ ਹੈ। ਆਪ ਖਰੜ ਆਫੀਸ਼ੀਅਲ ਗਰੁੱਪ ਪਾਰਟੀ ਦੇ ਇਸ ਵਟਸਅੱਪ ਗਰੁੱਪ ਵਿੱਚ ਲੋਕ ਹਿੱਤਾਂ ਦੇ ਸੰਘਰਸ਼ ਲਈ ਜਨਤਾ ਵਿੱਚ ਜਾਣ ਦੀ ਗੱਲ ਕਰਦਾ ਹੈ ਜਾਂ ਤਾਂ ਚੁੱਪ ਕਰਾ ਦਿੱਤਾ ਜਾਂਦਾ ਹੈ ਜਾਂ ਗਰੁੱਪ ਤੋ ਹੀ ਬਾਹਰ ਕੱਢ ਦਿੱਤਾ ਜਾਂਦਾ ਹੈ।
ਸੂਤਰਾਂ ਅਨੁਸਾਰ ਇਸ ਗਰੁੱਪ ਨੂੰ ਚਲਾਉਣ ਵਾਲੇ ਪਰਵਾਰਕ ਮੈਂਬਰ ਆਨ ਲਾਈਨ ਕਾਂਤੀ ਨੂੰ ਹੀ ਤਰਜੀਹ ਦੇ ਰਹੇ ਹਨ। ਵਲੰਟੀਅਰਾਂ ਨੇ ਵਿਧਾਇਕ ਸੰਧੂ 'ਤੇ ਦੋਸ਼ ਲਗਾਇਆ ਹੈ ਕਿ ਉਹ ਵਿਦੇਸ਼ ਬੈਠੇ ਪਰਵਾਰਕ ਮੈਂਬਰਾਂ ਨਾਲ ਵੱਟਸਐਪ ਗਰੁਪ ਰਾਹੀਂ ਪਾਰਟੀ ਵਲੰਟੀਅਰਾਂ ਵਿਚ ਧੜੇਬੰਦੀ ਪੈਦਾ ਕਰ ਰਹੇ ਹਨ। ਬਹੁ-ਗਿਣਤੀ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੇ ਵਿਧਾਇਕ ਨੂੰ ਵਿਦੇਸ਼ ਹੀ ਰਾਸ ਆ ਗਿਆ ਹੈ ਤਾਂ ਉਹ ਅਸਤੀਫ਼ਾ ਦੇ ਕੇ ਵਿਦੇਸ਼ ਹੀ ਰਹਿਣ। ਜਦੋਂ ਇਸ ਸਬੰਧੀ ਆਪ ਵਿਧਾਇਕ ਕੰਵਰ ਸੰਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।