
21 ਨਵੰਬਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਚ ਹੋਣ ਵਾਲੀਆਂ ਚੋਣਾਂ ਨਾ ਸਿਰਫ਼ ਦੋ ਪਾਰਟੀਆਂ ਦੀ ਲੜਾਈ ਹੈ
ਭਾਵਨਗਰ, 21 ਨਵੰਬਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਚ ਹੋਣ ਵਾਲੀਆਂ ਚੋਣਾਂ ਨਾ ਸਿਰਫ਼ ਦੋ ਪਾਰਟੀਆਂ ਦੀ ਲੜਾਈ ਹੈ ਬਲਕਿ ਇਹ ਚੋਣਾਂ ਕਾਂਗਰਸ ਵਲੋਂ ਫੈਲਾਏ ਗਏ ਜਾਤੀਵਾਦ ਅਤੇ ਵੰਸ਼ਵਾਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਵਲੋਂ ਕੀਤੇ ਜਾ ਰਹੇ ਵਿਕਾਸ ਨਾਲ ਲੜਾਈ ਹੈ।
ਅਮਿਤ ਸ਼ਾਹ ਅੱਜ ਗੁਜਰਾਤ ਭਾਜਪਾ ਪ੍ਰਧਾਨ ਜੀਤੂ ਵਘਾਨੀ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਗੁਜਰਾਤ ਦੇ ਲੋਕਾਂ ਨੂੰ ਇਹ ਫ਼ੈਸਲਾ ਲੈਣਾ ਪਵੇਗਾ ਕਿ ਕੀ ਉਹ ਕਾਂਗਰਸ ਨੂੰ ਸੱਤਾ ਵਿਚ ਲਿਆਉਣਗੇ ਜਿਸ ਨੇ 1985 ਅਤੇ 1995 ਵਿਚ ਜਾਤੀਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹ ਭਾਜਪਾ ਨੂੰ ਜਿਤਾਉਣਗੇ ਜਿਸ ਨੇ 1995 ਅਤੇ 2017 ਵਿਚ ਦੇਸ਼ ਨੂੰ ਵਿਕਾਸ ਦੇ ਰਾਹ ਤੋਰਿਆ।
ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਗੁਜਰਾਤ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਜਾਤੀਵਾਦ ਨੂੰ ਸ਼ਾਮਲ ਕਰ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜਾਤੀਵਾਦ, ਵੰਸ਼ਵਾਦ ਅਤੇ ਘੱਟ ਗਿਣਤੀਆਂ 'ਤੇ ਕੀਤੀ ਜਾ ਰਹੀ ਸਿਆਸਤ ਤੋਂ ਭਾਰਤ ਨੂੰ ਛੁਟਕਾਰਾ ਦਿਵਾਉਣ ਦੀ ਸ਼ੁਰੂਆਤ ਕਰ ਦਿਤੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇਟਿਪਣੀ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਗੁਜਰਾਤ ਲਈ ਕੁੱਝ ਨਹੀਂ ਕੀਤਾ ਅਤੇ ਰਾਹੁਲ ਗਾਂਧੀ ਸੋਚਦੇ ਹਨ ਕਿ ਗੁਜਰਾਤ ਸੈਰ ਸਪਾਟੇ ਵਾਲੀ ਥਾਂ ਹੈ, ਇਸ ਲਈ ਉਹ ਇਥੇ ਆਉਂਦੇ ਰਹਿੰਦੇ ਹਨ। (ਪੀ.ਟੀ.ਆਈ.)