
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਵਿਧਾਨ ਸਭਾ ਚੋਣਾਂ ਦੇ ਸਨਮੁਖ ਪਾਰਟੀ ਦਾ ਮੁੱਖ ਮੰਤਰੀ
ਸੋਲਨ, 31 ਅਕਤੂਬਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਵਿਧਾਨ ਸਭਾ ਚੋਣਾਂ ਦੇ ਸਨਮੁਖ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ। ਅਮਿਤ ਸ਼ਾਹ ਨੇ ਇਹ ਐਲਾਨ ਇਥੇ ਜਨਤਕ ਰੈਲੀ ਦੌਰਾਨ ਕੀਤਾ।ਇਸ ਐਲਾਨ ਮਗਰੋਂ ਹੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਪਾਰਟੀ ਦੀ ਪਸੰਦ ਬਾਬਤ ਲੱਗ ਰਹੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ। ਸ਼ਾਹ ਨੇ ਕਿਹਾ, 'ਭਾਜਪਾ ਹਿਮਾਚਲ ਪ੍ਰਦੇਸ਼ ਵਿਚ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਵਿਚ ਚੋਣ ਲੜਨ ਜਾ ਰਹੀ ਹੈ।' ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਧੂਮਲ ਸਾਬਕਾ ਮੁੱਖ ਮੰਤਰੀ ਹਨ ਅਤੇ 18 ਦਸੰਬਰ ਮਗਰੋਂ, ਉਹ ਨਵੇਂ ਮੁੱਖ ਮੰਤਰੀ ਬਣਨਗੇ। ਜ਼ਿਕਰਯੋਗ ਹੈ
ਕਿ ਕੇਂਦਰੀ ਮੰਤਰੀ ਜੇ ਪੀ ਨੱਡਾ ਨੂੰ ਹਿਮਾਚਲ ਪ੍ਰਦੇਸ਼ ਵਿਚ ਇਸ ਵੱਡੇ ਅਹੁਦੇ ਲਈ ਪਾਰਟੀ ਦੇ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਸੀ ਹਾਲਾਂਕਿ ਰਾਜ ਦੇ ਲੋਕਾਂ ਵਿਚਕਾਰ ਆਧਾਰ ਹੋਣ ਕਾਰਨ ਧੂਮਲ ਨੂੰ ਫ਼ਾਇਦਾ ਮਿਲਿਆ। ਸਮਝਿਆ ਜਾਂਦਾ ਹੈ ਕਿ ਪਾਰਟੀ ਨੇ ਵੀਰਭਦਰ ਸਿੰਘ ਦੀ ਅਗਵਾਈ ਵਿਚ ਰਾਜ ਦੀ ਸੱਤਾਧਿਰ ਕਾਂਗਰਸ ਨੂੰ ਹਰਾਉਣ ਲਈ 73 ਸਾਲਾ ਧੂਮਲ ਨੂੰ ਸੱਭ ਤੋਂ ਵਧੀਆ ਦਾਅ ਮੰਨਿਆ ਹੈ। ਸ਼ਾਹ ਨੇ ਕਿਹਾ, 'ਵੀਰਭਦਰ ਸਿੰਘ ਹਮੇਸ਼ਾ ਪੁਛਦੇ ਸੀ ਕਿ ਭਾਜਪਾ ਕਿਸ ਦੀ ਅਗਵਾਈ ਵਿਚ ਚੋਣ ਲੜਨ ਜਾ ਰਹੀ ਹੈ। ਪੂਰੇ ਦੇਸ਼ ਵਿਚ ਭਾਜਪਾ ਮੋਦੀ ਜੀ ਦੀ ਅਗਵਾਈ ਵਿਚ ਲੜ ਰਹੀ ਹੈ ਪਰ ਜੇ ਤੁਸੀਂ ਹਿਮਾਚਲ ਪ੍ਰਦੇਸ਼ ਦੀ ਅਗਵਾਈ ਦੇ ਸਬੰਧ ਵਿਚ ਸਥਿਤੀ ਸਾਫ਼ ਕਰਨ ਨੂੰ ਕਹਿ ਰਹੇ ਹੋ ਤਾਂ ਮੈਂ ਅੱਜ ਸਪੱਸ਼ਟ ਕਰ ਦਿੰਦਾ ਹਾਂ ਕਿ ਵੀਰਭਦਰ ਜੀ, ਭਾਜਪਾ ਧੂਮਲ ਜੀ ਦੀ ਅਗਵਾਈ ਵਿਚ ਹਿਮਾਚਲ ਚੋਣਾਂ ਲੜਨ ਜਾ ਰਹੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਜਪਾ 2017 ਦੀ ਚੋਣਾਂ ਧੂਮਲ ਜੀ ਦੇ ਨਾਮ 'ਤੇ ਲੜਨ ਜਾ ਰਹੀ ਹੈ।' (ਏਜੰਸੀ)