
ਧਿਰਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਦੇ ਸਾਂਝੇ ਉੱਚ ਪਧਰੀ ਵਫ਼ਦ ਨੇ ਸ. ਅਜੀਤ ਸਿੰਘ ਕੋਹਾੜ ਤੇ ਸੋਮ ਪ੍ਰਕਾਸ਼ ਦੀ ਅਗਵਾਈ
ਚੰਡੀਗੜ੍ਹ, 2 ਨਵੰਬਰ (ਜੀ.ਸੀ. ਭਾਰਦਵਾਜ) : ਧਿਰਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਦੇ ਸਾਂਝੇ ਉੱਚ ਪਧਰੀ ਵਫ਼ਦ ਨੇ ਸ. ਅਜੀਤ ਸਿੰਘ ਕੋਹਾੜ ਤੇ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਮਿਲ ਕੇ ਵਿਰੋਧੀ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਸ਼ਾ ਤਸਕਰੀ ਵਿਚ ਸੰਗੀਨ ਦੋਸ਼ੀ ਪਾਏ ਜਾਣ ਕਰ ਕੇ ਸ. ਸੁਖਪਾਲ ਸਿੰਘ ਖਹਿਰਾ ਨੂੰ ਤੁਰਤ ਅਹੁਦੇ ਤੋਂ ਹਟਾਉਣ ਲਈ ਜ਼ੋਰ ਪਾਇਆ। ਮੈਮੋਰੰਡਮ ਦੇਣ ਉਪਰੰਤ ਵਿਧਾਨ ਸਭਾ ਕੰਪਲੈਕਸ ਵਿਚ ਪ੍ਰੈੱਸ ਕਾਨਫ਼ਰੰਸ ਵਿਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਨੇਤਾ ਸ. ਬਿਕਰਮ ਸਿੰਘ ਮਜੀਠੀਆ ਨੇ ਦਸਿਆ ਕਿ ਇਸ ਨਸ਼ਾ ਤਸਕਰੀ ਕੇਸ ਵਿਚ 20 ਸਾਲ ਦੀ ਸਜ਼ਾ ਜ਼ਾਬਤਾ ਗੁਰਦੇਵ ਸਿੰਘ ਅਤੇ ਉਸ ਦੇ ਪਰਵਾਰ ਦੇ ਪਿਛਲੇ 40-50 ਸਾਲਾਂ ਤੋਂ ਖਹਿਰਾ ਤੇ ਉਸ ਦੇ ਪਿਤਾ ਸੁਖਜਿੰਦਰ ਸਿੰਘ ਨਾਲ ਸਬੰਧ ਰਹੇ ਹਨ ਤੇ ਸੁਖਪਾਲ ਖਹਿਰਾ ਦੀ ਸਿਫ਼ਾਰਸ਼ 'ਤੇ ਹੀ ਇਹ ਮੁਜ਼ਰਮ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਾ ਹੋਇਆ ਸੀ। ਮਜੀਠੀਆ ਨੇ ਦਸਿਆ ਕਿ ਜੱਜ ਦੇ 120 ਸਫ਼ਿਆਂ ਦੇ ਫ਼ੈਸਲੇ ਵਿਚ 33 ਵਾਰ ਖਹਿਰਾ ਦੇ ਨਾਮ ਦਾ ਜ਼ਿਕਰ ਹੈ ਅਤੇ ਇਹ ਵਿਰੋਧੀ ਧਿਰ ਦੇ ਨੇਤਾ, ਗੁਰਦੇਵ ਸਿੰਘ ਦੀ ਪੈਸੇ, ਗੱਡੀ, ਫ਼ੋਨ ਅਤੇ ਹੋਰ ਮਦਦ ਵੀ ਕਰਦਾ ਸੀ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਵੀ ਅੱਜ ਜਾਰੀ ਹੋ ਗਏ। ਅਕਾਲੀ-ਭਾਜਪਾ ਵਫ਼ਦ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਪੁਲਿਸ ਸ. ਖਹਿਰਾ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿਛ ਕਰਨ ਵਿਚ ਢਿੱਲ ਵਰਤ ਕੇ ਪੱਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਾਂਗਰਸ ਸਰਕਾਰ ਕਰ ਰਹੀ ਹੈ।
ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਜੋ ਵਿਧਾਇਕ ਦਲ ਦੇ ਨੇਤਾ ਵੀ ਹਨ ਅਤੇ ਭਾਜਪਾ ਵਿਧਾਇਕ ਦਲ ਦੇ ਨੇਤਾ ਸੋਮ ਪ੍ਰਕਾਸ਼ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਢਿੱਲੋਂ, ਪਵਨ ਕੁਮਾਰ ਟੀਨੂੰ, ਐਨ.ਕੇ. ਸ਼ਰਮਾ, ਗੁਰਪ੍ਰਤਾਪ ਵਡਾਲਾ, ਲਖਬੀਰ ਸਿੰਘ ਲੋਧੀਨੰਗਲ, ਦਿਲਰਾਜ ਸਿੰਘ ਭੂੰਦੜ, ਬਲਦੇਵ ਸਿੰਘ, ਕੰਵਰਜੀਤ ਬਰਕੰਦੀ ਅਤੇ ਹੋਰਨਾਂ ਦੇ ਵਫ਼ਦ ਨੇ ਮੈਮੋਰੰਡਮ ਵਿਚ ਕਿਹਾ ਕਿ ਪੰਜਾਬ ਦੇ ਗੌਰਵਮਈ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ ਕਿ ਦੇਸ਼ ਦੀ ਕਿਸੇ ਅਦਾਲਤ ਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵਰਗੇ ਉੱਚ ਸੰਵਿਧਾਨਕ ਅਹੁਦੇ 'ਤੇ ਕੰਮ ਕਰ ਰਹੇ ਆਗੂ ਨੂੰ ਚਿੱਟੇ ਦੇ ਧੰਦੇ, ਇੰਟਰਨੈਸ਼ਨਲ ਡਰੱਗ ਰੈਕਟ ਅਤੇ ਰਾਜ ਵਿਰੁਧੀ ਕਾਰਵਾਈਆਂ ਵਰਗੇ ਸੱਤ ਸੰਗੀਨ ਅਪਰਾਧਾਂ ਵਿਚ ਗ਼ੈਰ ਜ਼ਮਾਨਤੀ ਸੰਮਨ ਜਾਰੀ ਕਰ ਕੇ ਬਤੌਰ ਦੋਸ਼ੀ ਤਲਬ ਕੀਤਾ ਹੈ।
ਵਫ਼ਦ ਨੇ ਸਪੀਕਰ ਨੂੰ ਦਸਿਆ ਕਿ ਜਿਸ ਕੇਸ ਵਿਚ ਖਹਿਰਾ ਨੂੰ ਤਲਬ ਕੀਤਾ ਹੈ, ਉਸ ਵਿਚ ਹੈਰੋਇਨ, ਸੋਨੇ ਦੇ ਬਿਸਕੁਟਾਂ, ਵਿਦੇਸ਼ੀ ਹਥਿਆਰਾਂ ਦੀ ਵੱਡੀ ਖੇਪ ਦੀ ਬਰਾਮਦਗੀ ਤੋਂ ਇਲਾਵਾ ਦੋ ਪਾਕਿਸਤਾਨ ਮੋਬਾਈਲ ਸਿੰਮ ਵੀ ਬਰਾਮਦ ਹੋਏ ਹਨ। ਵਫ਼ਦ ਨੇ ਕਿਹਾ ਕਿ ਖਹਿਰਾ ਦਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਬਣੇ ਰਹਿਣਾ ਜਾਇਜ਼ ਨਹੀਂ ਹੈ ਅਤੇ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ। ਵਫ਼ਦ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਈਮਾਨਦਾਰੀ ਅਤੇ ਸਾਫ਼ ਅਕਸ ਦੀ ਸਿਆਸਤ ਦੇ ਹਾਮੀ ਹੁਣ ਅਪਣੇ ਚਹੇਤੇ ਖਹਿਰਾ ਨੂੰ ਤੁਰਤ ਪਾਰਟੀ ਤੋਂ ਕੱਢਣ। ਇਸ ਬਾਰੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਸਾਰੇ ਪੱਖਾਂ ਨੂੰ ਘੋਖਿਆ ਜਾਵੇਗਾ ਅਤੇ ਸੋਚ ਕੇ ਫ਼ੈਸਲਾ ਲਿਆ ਜਾਵੇਗਾ। ਸਪੀਕਰ ਨੇ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਵਿਚ ਪਾਰਟੀ ਨੇਤਾ ਦਾ ਫ਼ੈਸਲਾ ਕਰਨਾ ਜਾਂ ਹਟਾਉਣਾਂ ਤਾ ਪਾਰਟੀ ਵਿਧਾਇਕਾਂ ਦਾ ਅਧਿਕਾਰ ਖੇਤਰ ਹੈ।