
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਮਿਲਣ ਸਮਾਗਮ ਤਹਿਤ ਅੱਜ ਪੱਤਰਕਾਰਾਂ ਨੂੰ ਮਿਲੇ।
ਨਵੀਂ ਦਿੱਲੀ, 28 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਮਿਲਣ ਸਮਾਗਮ ਤਹਿਤ ਅੱਜ ਪੱਤਰਕਾਰਾਂ ਨੂੰ ਮਿਲੇ। ਮੋਦੀ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ, 'ਅੱਜ ਕਾਗ਼ਜ਼-ਕਲਮ ਤੋਂ ਬਿਨਾਂ ਮਿਲ ਰਹੇ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ। ਇਕ ਦੌਰ ਉਹ ਵੀ ਸੀ ਜਦ ਸਾਨੂੰ ਮੀਡੀਆ ਵਾਲਿਆਂ ਨੂੰ ਲੱਭਣਾ ਪੈਂਦਾ ਸੀ।' ਪੱਤਰਕਾਰਾਂ ਨੂੰ ਮਿਲਣ ਦਾ ਸਿਲਸਿਲਾ ਮੋਦੀ ਨੇ 2014 ਵਿਚ ਭਾਜਪਾ ਸਰਕਾਰ ਬਣਨ ਮਗਰੋਂ ਸ਼ੁਰੂ ਕੀਤਾ ਸੀ। ਮੋਦੀ ਨੇ ਕਿਹਾ, 'ਮੇਰਾ ਅਨੁਭਵ ਹੈ ਕਿ ਮੀਡੀਆ ਜਗਤ ਫ਼ਾਰਮਲ ਤੌਰ 'ਤੇ ਆਪੋ ਅਪਣੀ ਭੂਮਿਕਾ ਅਦਾ ਕਰਦਾ ਹੈ ਪਰ ਜਦ ਗ਼ੈਰ-ਰਸਮੀ ਤੌਰ 'ਤੇ ਬੈਠਦੇ ਹਾਂ ਤਾਂ ਸਾਰਿਆਂ ਦੇ ਦਿਲਾਂ ਵਿਚ ਦੇਸ਼ ਲਈ ਵੇਦਨਾ ਹੁੰਦੀ ਹੈ। ਕੁੱਝ ਕਰਨ ਦਾ ਇਰਾਦਾ ਹੁੰਦਾ ਹੈ। ਇਹ ਅਪਣਾਪਨ ਬਹੁਤ ਫ਼ਾਇਦੇਮੰਦ ਹੁੰਦਾ ਹੈ।'
ਮੋਦੀ ਨੇ ਕਿਹਾ ਕਿ ਪਹਿਲਾਂ ਬਹੁਤ ਘੱਟ ਪੱਤਰਕਾਰ ਹੁੰਦੇ ਸਨ। ਪੰਜ ਸੱਤ ਬੰਦਿਆਂ ਨਾਲ ਨੇੜਤਾ ਬਣਾ ਲਈ ਤਾਂ ਗੱਡੀ ਨਿਕਲ ਜਾਂਦੀ ਸੀ ਪਰ ਹੁਣ ਦਾਇਰਾ ਵਧ ਗਿਆ ਹੈ ਅਤੇ ਇਹ ਸਾਡੇ ਲਈ ਵੀ ਚੁਨੌਤੀ ਹੈ। ਮੋਦੀ ਨੇ ਕਿਹਾ, 'ਮੀਡੀਆ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਇਹ ਗੱਲ ਮੈਂ ਪਿਛਲੇ ਦਿਨੀਂ ਵੇਖੀ।
ਸਰਕਾਰ ਵਿਚ ਬੈਠੇ ਲੋਕਾਂ ਦੀ ਆਲੋਚਨਾ ਬਾਰੇ ਅੱਧਾ ਅਖ਼ਬਾਰ ਭਰਿਆ ਹੋਵੇਗਾ ਪਰ ਸਵੱਛਤਾ ਦੀ ਗੱਲ 'ਤੇ ਸਾਰੇ ਇਕਜੁਟ ਹੋ ਜਾਣਗੇ। ਮੀਡੀਆ ਨੇ ਹਾਂਪੱਖੀ ਰੋਲ ਅਦਾ ਕੀਤਾ ਹੈ।' ਭਾਜਪਾ ਦਫ਼ਤਰ ਵਿਚ ਹੋਏ ਸਮਾਗਮ ਵਿਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਕ ਸਾਲ ਦੇ ਅੰੰਦਰ ਹੀ ਭਾਰਤ ਨੇ ਹਰ ਮੋਰਚੇ 'ਤੇ ਚੁਨੌਤੀਆਂ ਦਾ ਸਾਹਮਣਾ ਕੀਤਾ ਹੈ।ਮੋਦੀ ਨੇ ਰਾਜਨੀਤਕ ਪਾਰਟੀਆਂ ਅੰਦਰ ਅੰਦਰੂਨੀ ਲੋਕਤੰਤਰ ਬਾਰੇ ਚਰਚਾ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਲਈ ਪਾਰਟੀਆਂ ਅੰਦਰ 'ਸੱਚੀ ਜਮਹੂਰੀ ਭਾਵਨਾ' ਦਾ ਵਿਕਾਸ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੀ ਫ਼ੰਡਿੰਗ ਅਕਸਰ ਚਰਚਾ ਵਿਚ ਰਹਿੰਦੀ ਹੈ ਪਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ, ਵਿਚਾਰਧਾਰਾ, ਅੰਦਰੂਨੀ ਲੋਕਤੰਤਰ ਅਤੇ ਉਹ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਕਿਵੇਂ ਮੌਕਾ ਪ੍ਰਦਾਨ ਕਰਦੀ ਹੈ, ਇਸ ਬਾਰੇ ਚਰਚਾ ਨਹੀਂ ਹੁੰਦੀ। (ਏਜੰਸੀ)