
ਬੁੜੈਲ ਜੇਲ੍ਹ ਚੰਡੀਗੜ੍ਹ ਤੋਂ ਬੇਅੰਤ ਸਿੰਘ ਕਤਲ ਕੇਸ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਅਪਣੇ ਨਿਜੀ....
ਚੰਡੀਗੜ੍ਹ, 30 ਅਗੱਸਤ, (ਨੀਲ ਭਲਿੰਦਰ ਸਿਂੰਘ): ਬੁੜੈਲ ਜੇਲ੍ਹ ਚੰਡੀਗੜ੍ਹ ਤੋਂ ਬੇਅੰਤ ਸਿੰਘ ਕਤਲ ਕੇਸ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਅਪਣੇ ਨਿਜੀ ਵਕੀਲ ਰਾਹੀਂ ਜਾਰੀ ਇਕ ਪ੍ਰੈੱਸ ਨੋਟ ਰਾਹੀਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਉਨ੍ਹਾਂ ਦੀ 22ਵੀਂ ਬਰਸੀ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਿੱਖ ਕੌਮ, ਗੁਰੂ ਸਹਿਬਾਨਾਂ ਨੇ ਸ਼ਹਾਦਤਾਂ ਤੇ ਕੁਰਬਾਨੀ ਦੇ ਕੇ ਸਿਰਜੀ ਹੈ, ਇਸ ਨੂੰ ਸੱਚ ਤੋਂ ਕੁਰਬਾਨ ਹੋਣਾ, ਜਬਰ ਜ਼ੁਲਮ ਵਿਰੁਧ ਛਾਤੀ ਠੋਕ ਕੇ ਖੜਨਾ, ਸਿਰ ਦੀ ਕੁਰਬਾਨੀ ਦੇ ਕੇ ਚੜ੍ਹਦੀ ਕਲਾ ਵਿਚ ਰਹਿਣਾ ਅਤੇ ਅਣਖ ਨਾਲ ਜਿਊਣਾ ਵਿਰਸੇ 'ਚੋਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਬੁੜੈਲ ਜੇਲ ਵਿਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਊਰਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਸਮੂਹ ਬੰਦੀ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਪੀਲ ਕਰਦੇ ਹਨ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਲਾਈ ਜਾਵੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਦਿਲਾਵਰ ਸਿੰਘ ਨੂੰ ਕੌਮ ਸ਼ਹੀਦ ਐਲਾਨਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਬੰਦੀ ਸਿੰਘਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖਤੀ ਪੱਤਰ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਿਧਾਂਤ ਤੇ ਰਿਵਾਇਤ 'ਤੇ ਪਹਿਰਾ ਦਿੰਦਿਆਂ ਹੋਇਆਂ ਸਿੱਖ ਕੌਮ ਦੇ ਯੋਧੇ ਅਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਿਤੀ 31 ਅਗੱਸਤ 1995 ਨੂੰ ਮੌਤ ਦੇ ਘਾਟ ਉਤਾਰਿਆ। ਤਾਰਾ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬੇਅੰਤ ਸਿੰਘ ਨੂੰ ਸੋਧਣ ਵਾਲੀ ਟੀਮ ਜਿਸ ਦੀ ਅਗਵਾਈ ਭਾਈ ਦਿਲਾਵਰ ਸਿੰਘ ਨੇ ਕੀਤੀ ਸੀ, ਮੈਂ ਵੀ ਉਸ ਦਾ ਇਕ ਹਿੱਸਾ ਸੀ? ਉਨ੍ਹਾਂ ਕਿਹਾ ਕਿ ਉਹ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੇ 22ਵੇਂ ਸ਼ਹੀਦੀ ਦਿਵਸ 'ਤੇ ਉਸ ਦੀ ਕੀਤੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹੋਏ, ਉਸ ਦੇ ਪੂਰਨਿਆਂ 'ਤੇ ਚਲਦੇ ਹੋਏ ਸਿੱਖ ਕੌਮ ਦੀ ਲੜਾਈ ਨੂੰ ਅਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਲੜਨ ਦਾ ਵਾਅਦਾ ਕਰਦੇ ਹਾਂ।