
10 ਦਸੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਏਜੰਡਾ ਛੱਡ ਕੇ ਸਿਰਫ਼
ਡਾਕੋਰ, 10 ਦਸੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਵਿਕਾਸ ਦਾ ਏਜੰਡਾ ਛੱਡ ਕੇ ਸਿਰਫ਼ ਅਪਣੇ ਬਾਰੇ ਗੱਲਾਂ ਕਰਨ ਦਾ ਦੋਸ਼ ਲਾਇਆ।
ਗਾਂਧੀ ਨੇ ਦੂਜੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦੇ ਦੂਜੇ ਦਿਨ ਦੀ ਸ਼ੁਰੂਆਤ ਸਥਾਨਕ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਕੀਤੀ। ਰਾਹੁਲ ਨੇ ਦਾਅਵਾ ਕੀਤਾ ਕਿ ਮੋਦੀ ਚੋਣ ਮੁੱਦਾ ਲਗਾਤਾਰ ਬਦਲ ਰਹੇ ਹਨ ਅਤੇ ਹੁਣ ਪ੍ਰਧਾਨ ਮੰਤਰੀ ਕੋਲ ਬੋਲਣ ਲਈ ਕੁੱਝ ਵੀ ਨਹੀਂ ਬਚਿਆ। ਕਾਂਗਰਸ ਨੇਤਾ ਨੇ ਕਿਹਾ ਕਿ ਭਾਜਪਾ ਨੇ ਅਪਣੇ ਪ੍ਰਚਾਰ ਦੀ ਸ਼ੁਰੂਆਤ ਨਰਮਦਾ ਮੁੱਦੇ 'ਤੇ ਕੀਤੀ ਸੀ।
ਚਾਰ, ਪੰਜ ਦਿਨ ਮਗਰੋਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਦੀ ਦਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ, 'ਭਾਜਪਾ ਖੱਬੇ ਪਾਸੇ ਮੁੜ ਗਈ। ਉਸ ਨੇ ਕਿਹਾ ਕਿ ਚੋਣ ਨਰਮਦਾ ਨਦੀ 'ਤੇ ਨਹੀਂ ਲੜੀ ਜਾਵੇਗੀ। ਚਲੋ ਚੋਣ ਹੋਰ ਪਛੜੇ ਵਰਗਾਂ ਦੇ ਮੁੱਦੇ 'ਤੇ ਲੜਦੇ ਹਾਂ।' ਰਾਹੁਲ ਨੇ ਕਿਹਾ, 'ਫਿਰ ਓਬੀਸੀ ਵਰਗ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਉਨ੍ਹਾਂ ਲਈ ਕੁੱਝ ਨਹੀਂ ਕੀਤਾ। ਪੰਜ ਛੇ ਦਿਨਾਂ ਮਗਰੋਂ ਭਾਜਪਾ ਸੱਜੇ ਪਾਸੇ ਮੁੜ ਗਈ ਅਤੇ ਕਿਹਾ ਕਿ ਵਿਕਾਸ ਯਾਤਰਾ ਕੱਢੀ ਜਾਵੇਗੀ ਅਤੇ 22 ਸਾਲਾਂ ਦੇ ਵਿਕਾਸ ਦੀ ਗੱਲ ਕਰਾਂਗੇ।' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਕਲ ਦਾ ਭਾਸ਼ਨ ਸੁਣਿਆ ਹੈ ਜਿਸ ਵਿਚ ਉਹ ਭਾਸ਼ਨ ਦੇ 90 ਮਿੰਟ ਅਪਣੇ ਬਾਰੇ ਹੀ ਗੱਲ ਕਰ ਰਹੇ ਹਨ।' ਭਾਜਪਾ ਦੀ ਸੋਚ ਹੈ ਕਿ ਪਹਿਲਾਂ ਖੱਬੇ ਮੁੜੋ, ਫਿਰ ਸੱਜੇ ਮੁੜੋ ਅਤੇ ਫਿਰ ਬ੍ਰੇਕ ਲਗਾ ਦਿਉ। (ਏਜੰਸੀ)