
ਬਠਿੰਡਾ, 26 ਜੁਲਾਈ (ਸੁਖਜਿੰਦਰ ਮਾਨ): ਸ਼ਹਿਰ ਦੇ ਪਾਸ਼ ਇਲਾਕੇ ਵੀਰ ਕਾਲੋਨੀ ਵਿਚ ਲੰਘੀ 22 ਜੁਲਾਈ ਨੂੰ ਦਿਨ ਦਿਹਾੜੇ ਇਕ ਵਿਆਹੁਤਾ ਔਰਤ ਦਾ ਕਤਲ ਉਸ ਦੇ ਪਤੀ ਨੇ ਹੀ ਅਪਣੇ ਇਕ ਕਰੀਬੀ ਦੋਸਤ ਨੂੰ ਪੰਜ ਲੱਖ ਦੇ ਕੇ ਕਰਵਾਇਆ ਸੀ।
ਬਠਿੰਡਾ, 26 ਜੁਲਾਈ (ਸੁਖਜਿੰਦਰ ਮਾਨ): ਸ਼ਹਿਰ ਦੇ ਪਾਸ਼ ਇਲਾਕੇ ਵੀਰ ਕਾਲੋਨੀ ਵਿਚ ਲੰਘੀ 22 ਜੁਲਾਈ ਨੂੰ ਦਿਨ ਦਿਹਾੜੇ ਇਕ ਵਿਆਹੁਤਾ ਔਰਤ ਦਾ ਕਤਲ ਉਸ ਦੇ ਪਤੀ ਨੇ ਹੀ ਅਪਣੇ ਇਕ ਕਰੀਬੀ ਦੋਸਤ ਨੂੰ ਪੰਜ ਲੱਖ ਦੇ ਕੇ ਕਰਵਾਇਆ ਸੀ। ਸ਼ਹਿਰ 'ਚ ਨਾਮ ਰੱਖਣ ਵਾਲੇ ਚਾਰਟਰਡ ਅਕਾਊਟੈਂਟ ਅਨਿਲ ਗੁਪਤਾ ਨੂੰ ਅਪਣੀ ਔਰਤ ਵਲੋਂ ਕੀਤੀ ਜਾਂਦੀ ਟੋਕਾ-ਟਕਾਈ ਪਸੰਦ ਨਹੀਂ ਸੀ ਜਿਸ ਦੇ ਚੱਲਦੇ ਉਸ ਨੇ ਘਟਨਾ ਨੂੰ ਲੁੱਟਮਾਰ ਦਾ ਨਾਮ ਦੇਣ ਲਈ ਇਹ ਸਾਰੀ ਕਹਾਣੀ ਘੜੀ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ ਸੀ.ਏ ਸਾਹਿਬ ਇਕ ਐਸ਼ਪ੍ਰਸਤੀ ਅਤੇ ਤਕੜੇ ਜੂਏਬਾਜ਼ ਸਨ। ਉਸ ਵਿਰੁਧ ਜੂਆ ਐਕਟ ਤਹਿਤ ਪਹਿਲਾਂ ਵੀ ਕੋਤਵਾਲੀ ਥਾਣੇ 'ਚ ਪਰਚਾ ਦਰਜ ਸੀ। ਪੁਲਿਸ ਨੇ ਤਕਨੀਕੀ ਪੱਖ ਨਾਲ ਇਸ ਕਾਂਡ ਦੀ ਜਾਂਚ ਕਰਦੇ ਹੋਏ ਪਤੀ ਅਨਿਲ ਗੁਪਤਾ ਤੇ ਉਸ ਦੇ ਦੋਸਤ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਤਲਾਂ ਕੋਲੋ ਕਤਲ ਸਮੇਂ ਵਰਤਿਆ ਗਿਆ ਚਾਕੂ, ਦਸਤਾਨੇ ਤੇ ਲੁੱਟੇ ਗਏ ਗਹਿਣਿਆਂ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਬਰਾਮਦ ਕਰ ਲਈ ਸੀ। ਅੱਜ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ ਜ਼ੋਨ ਦੇ ਇੰਸਪੈਕਟਰ ਜਰਨਲ ਮੁਖਵਿੰਦਰ ਸਿੰਘ ਛੀਨਾ ਨੇ ਐਸ.ਐਸ.ਪੀ ਨਵੀਨ ਸਿੰਗਲਾ ਨਾਲ ਸਾਂਝੀ ਕੀਤੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਦਸਿਆ ਲੰਘੀ 22 ਜੁਲਾਈ ਨੂੰ ਸਥਾਨਕ ਕਮਲਾ ਨਹਿਰੂ ਕਾਲੋਨੀ ਦੀ ਕੋਠੀ ਨੰਬਰ 310 ਵਿਚ ਰਹਿਣ ਵਾਲੀ ਕਨਿਕਾ ਗੁਪਤਾ ਨਾਮ ਦੀ (ਬਾਕੀ ਸਫ਼ਾ 11 'ਤੇ)
ਔਰਤ ਦਾ ਕਤਲ ਹੋ ਗਿਆ ਸੀ ਤੇ ਕਾਤਲ ਜਾਂਦੇ ਹੋਏ ਕੋਠੀ ਵਿਚੋਂ 15 ਤੋਲੇ ਸੋਨਾ, ਨਕਦੀ ਤੋਂ ਇਲਾਵਾ ਮ੍ਰਿਤਕਾ ਦਾ ਮੋਬਾਈਲ ਫ਼ੋਨ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਨਾਲ ਲੈ ਗਏ ਸਨ। ਇਸ ਕਤਲ ਦੇ ਮਾਮਲੇ 'ਚ ਕੈਂਟ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਨਿਲ ਗੁਪਤਾ ਦੇ ਬਿਆਨਾਂ ਉਪਰ ਅਣਪਛਾਤੇ ਵਿਅਕਤੀਆਂ ਵਿਰੁਧ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਐਸ.ਐਸ.ਪੀ. ਨਵੀਨ ਸਿੰਗਲਾ ਤੋਂ ਇਲਾਵਾ ਪੁਲੀਸ ਦੇ ਉੱਚ ਅਧਿਕਾਰੀਆਂ ਸਮੇਤ ਸੀ.ਆਈ.ਏ. 1 ਦੇ ਇੰਚਾਰਜ ਦੀ ਅਗਵਾਈ ਵਿਚ ਪੁਲਿਸ ਫ਼ੋਰਸ ਮੌਕੇ 'ਤੇ ਪਹੁੰਚ ਕੇ ਕਤਲ ਕਾਂਡ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਸੀ।
ਪੁਲਿਸ ਅਧਿਕਾਰੀ ਦੇ ਦਸਣ ਅਨੁਸਾਰ ਪੁਲਿਸ ਸ਼ੁਰੂ ਤੋਂ ਹੀ ਇਸ ਕਤਲ ਨੂੰ ਕਿਸੇ ਨਜ਼ਦੀਕੀ ਵਲੋਂ ਕੀਤਾ ਹੋਇਆ ਮੰਨ ਕੇ ਚੱਲ ਰਹੀ ਸੀ 'ਤੇ ਪੁਲਿਸ ਨੇ ਅਪਣੀ ਜਾਂਚ ਦੇ ਘੇਰੇ ਵਿਚ ਮ੍ਰਿਤਕਾ ਦੇ ਕਰੀਬੀਆਂ ਨੂੰ ਸ਼ਾਮਲ ਕੀਤਾ ਸੀ।
ਜਾਂਚ ਦੌਰਾਨ ਸ਼ੱਕ ਦੀ ਸੂਈ ਮ੍ਰਿਤਕਾ ਦੇ ਪਤੀ ਵਲ ਉਸ ਸਮੇਂ ਘੁੰਮੀ ਜਦੋਂ ਪੁੱਛਗਿਛ ਦੌਰਾਨ ਮ੍ਰਿਤਕਾ ਦੇ ਭਰਾ ਨੇ ਦਸਿਆ ਕਿ ਉਸ ਦੀ ਭੈਣ ਅਤੇ ਜੀਜੇ ਵਿਚ ਹਮੇਸ਼ਾ ਲੜਾਈ ਝਗੜਾ ਹੁੰਦਾ ਸੀ ਤਾਂ ਪੁਲਿਸ ਨੇ ਮ੍ਰਿਤਕਾ ਦੇ ਪਤੀ ਕੋਲੋਂ ਸਖ਼ਤਾਈ ਨਾਲ ਪੁੱਛ ਪੜਤਾਲ ਕੀਤੀ ਤੇ ਪੁਲਿਸ ਦੀ ਸਖ਼ਤਾਈ ਦੇ ਅੱਗੇ ਟੁੱਟਦਿਆਂ ਹੋਇਆ ਉਸ ਦੇ ਪਤੀ ਨੇ ਅਪਣਾ ਜੁਰਮ ਕਬੂਲ ਕਰ ਲਿਆ।
ਪੁਲਿਸ ਵਲੋਂ ਕੀਤੀ ਪੁੱਛ ਪੜਤਾਲ ਦੌਰਾਨ ਮ੍ਰਿਤਕਾ ਦੇ ਪਤੀ ਅਨਿਲ ਗੁਪਤਾ ਨੇ ਮੰਨਿਆ ਪੇਸ਼ੇ ਵਜੋਂ ਉਹ ਚਾਰਟਰਡ ਅਕਾਊਟੈਂਟ ਹੈ ਪਰ ਇਸ ਦੇ ਬਾਵਜੂਦ ਉਹ ਜੂਆ ਖੇਡਣ ਅਤੇ ਸ਼ਰਾਬ ਪੀਣ ਦਾ ਆਦੀ ਸੀ ਉਸ ਦੀ ਪਤਨੀ ਉਸ ਨੂੰ ਹਮੇਸ਼ਾ ਜੂਆ ਖੇਡਣ ਅਤੇ ਸ਼ਰਾਬ ਪੀਣ ਤੋਂ ਰੋਕਦੀ ਸੀ, ਜਿਸ ਕਾਰਨ ਉਨ੍ਹਾਂ ਵਿਚ ਹਮੇਸ਼ਾ ਲੜਾਈ ਝਗੜਾ ਰਹਿੰਦਾ ਸੀ, ਨਿੱਤ ਦੇ ਹੁੰਦੇ ਝਗੜੇ ਕਾਰਨ ਉਹ ਅਪਣੀ ਪਤਨੀ ਨੂੰ ਅਪਣੇ ਰਾਹ ਦਾ ਰੋੜਾ ਸਮਝਣ ਲੱਗ ਪਿਆ ਸੀ ਤੇ ਉਸ ਨੂੰ ਰਸਤੇ ਵਿਚੋਂ ਹਟਾਉਣ ਦੀ ਵਿਉਂਤ ਬਣਾਉਣ ਲੱਗ ਪਿਆ।
ਇਸ ਬਾਰੇ ਉਸ ਨੇ ਅਪਣੇ ਦੋਸਤ ਰਾਕੇਸ਼ ਕੁਮਾਰ ਨਾਲ ਗੱਲ ਬਾਤ ਕੀਤੀ ਤੇ ਉਸ ਨੂੰ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਅਪਣੀ ਪਤਨੀ ਦਾ ਕਤਲ ਕਰਵਾਉਣ ਲਈ ਮਨਾ ਲਿਆ। ਬਣਾਈ ਗਈ ਯੋਜਨਾ ਅਨੁਸਾਰ ਲੰਘੀ 22 ਜੁਲਾਈ ਨੂੰ ਉਸ ਨੇ ਅਪਣੇ ਦੋਸਤ ਨੂੰ ਇਕ ਚਾਕੂ, ਹੱਥਾਂ ਵਿਚ ਪਾਉਣ ਲਈ ਦਸਤਾਨੇ ਤੇ ਇਕ ਐਕਟਿਵਾ ਦੇ ਕੇ ਅਪਣੀ ਪਤਨੀ ਦਾ ਕਤਲ ਕਰਨ ਲਈ ਭੇਜ ਦਿਤਾ ਜਿਸ ਨੇ ਉਸ ਦੇ ਘਰ ਵਿਚ ਜਾ ਕੇ ਗਲ ਘੁੱਟ ਕੇ ਤੇ ਚਾਕੂ ਮਾਰ ਕੇ ਉਸ ਦੀ ਪਤਨੀ ਦਾ ਕਤਲ ਕਰ ਦਿਤਾ ਤੇ ਵਾਰਦਾਤ ਨੂੰ ਲੁੱਟ ਦੀ ਸ਼ਕਲ ਦੇਣ ਲਈ ਘਰ ਵਿਚ ਪਏ ਨਕਦੀ ਅਤੇ ਗਹਿਣੇ ਅਪਣੇ ਨਾਲ ਲੈ ਗਿਆ।
ਪ੍ਰੈਸ ਕਾਨਫ਼ਰੰਸ ਮੌਕੇ ਐਸ.ਪੀ. ਹੈਡਕੁਆਟਰ ਭੁਪਿੰਦਰ ਸਿੰਘ ਸਿੱਧੂ, ਉਪ ਪੁਲਿਸ ਕਪਤਾਨ ਗੁਰਜੀਤ ਸਿੰਘ ਰੋਮਾਣਾ ਤੋਂ ਇਲਾਵਾ ਸੀ.ਆਈ.ਏ.1 ਦੇ ਇੰਚਾਰਜ ਇੰਸ: ਰਜਿੰਦਰ ਕੁਮਾਰ ਵੀ ਮੌਜੂਦ ਸਨ।