
ਬੀਤੀ ਸ਼ਾਮ 4:00 ਕੁ ਵਜੇ ਇਥੇ ਇਕ ਪੈਲੇਸ 'ਚ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇਰ ਸ਼ਾਮ ਕਰੀਬ 9:00 ਵਜੇ....
ਕੋਟਕਪੂਰਾ : ਬੀਤੀ ਸ਼ਾਮ 4:00 ਕੁ ਵਜੇ ਇਥੇ ਇਕ ਪੈਲੇਸ 'ਚ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇਰ ਸ਼ਾਮ ਕਰੀਬ 9:00 ਵਜੇ ਤਕ ਅਰਥਾਤ 5 ਘੰਟੇ ਪੈਲੇਸ 'ਚ ਬਿਰਾਜਮਾਨ ਰਹੇ ਪਰ ਪੱਤਰਕਾਰਾਂ ਦੇ ਸਵਾਲਾਂ ਦਾ ਮਹਿਜ਼ 2 ਮਿੰਟ ਵੀ ਸਾਹਮਣਾ ਨਾ ਕਰ ਸਕੇ। ਕਾਫੀ ਸਮਾਂ ਉਡੀਕ ਕਰਨ ਵਾਲੇ ਪੱਤਰਕਾਰਾਂ ਨੂੰ ਇਸ ਗੱਲ ਤੋਂ ਨਿਰਾਸ਼ਾ ਹੋਣੀ ਸੁਭਾਵਿਕ ਸੀ ਪਰ ਸੁਖਬੀਰ ਸਿੰਘ ਬਾਦਲ ਵਰਕਰਾਂ ਨੂੰ ਵੀ ਸੰਤੁਸ਼ਟ ਕਰਨ 'ਚ ਕਾਮਯਾਬ ਨਾ ਹੋ ਸਕੇ।
ਸੁਖਬੀਰ ਬਾਦਲ ਨਾਲ ਵਰਕਰਾਂ ਦੀਆਂ ਕੌੜੀਆਂ-ਕੁਸੈਲੀਆਂ ਸਾਂਝੀਆਂ ਹੋਈਆਂ ਗੱਲ੍ਹਾਂ ਦੀ ਰਿਕਾਰਡਿੰਗ ਸ਼ੋਸ਼ਲ ਮੀਡੀਏ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਵੇਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਭਰਾ ਕੁਲਤਾਰ ਸਿੰਘ ਬਰਾੜ ਦੇ ਪੈਲੇਸ 'ਚੋਂ ਰੁੱਸ ਕੇ ਚਲੇ ਜਾਣ ਦੀਆਂ ਗੱਲ੍ਹਾਂ ਵੀ ਘਰ-ਘਰ ਹੋ ਰਹੀਆਂ ਹਨ ਅਤੇ ਇਲਾਕੇ 'ਚ ਇਸ ਗੱਲ ਦੀ ਵੀ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਆਮਦ ਬਾਰੇ ਸੱਦਾ ਦੇਣ ਲਈ ਪੱਤਰਕਾਰਾਂ ਅਤੇ ਕੁਝ ਹੋਰ ਅਕਾਲੀ ਆਗੂਆਂ ਨੂੰ ਸੌਦਾ ਸਾਧ ਦੇ ਇਕ ਡੇਰਾ ਪ੍ਰੇਮੀ ਨੇ ਫ਼ੋਨ ਕੀਤੇ ਜਿਸ ਦਾ ਵਰਕਰਾਂ ਨੇ ਸੁਖਬੀਰ ਕੋਲ ਗਿਲਾ ਵੀ ਕੀਤਾ,
ਰੀਕਾਰਡਿੰਗ ਮੁਤਾਬਿਕ ਵਰਕਰਾਂ ਨੇ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਮਾਮਲੇ 'ਤੇ ਵੀ ਬਹੁਤ ਰੋਸ ਪ੍ਰਗਟਾਇਆ। ਵਰਕਰਾਂ ਨੇ ਸੌਦਾ ਸਾਧ ਦੀ ਕਰਤੂਤ, ਕਾਂਗਰਸੀਆਂ ਦੀ ਅਕਾਲੀ ਦਲ 'ਚ ਸ਼ਮੂਲੀਅਤ, ਨਸ਼ਿਆਂ ਦੀ ਬਹੁਤਾਤ, ਪਾਰਟੀ ਵਰਕਰਾਂ ਦਾ ਸ਼ੋਸ਼ਣ, ਵਫ਼ਾਦਾਰੀ ਦਾ ਕੋਈ ਮੁੱਲ ਨਾ ਪਾਉਣ ਦੇ ਮਿਹਣੇ ਮਾਰਨ ਤੋਂ ਗੁਰੇਜ਼ ਨਾ ਕੀਤਾ। ਰਾਜਨੀਤਿਕ ਵਿਸ਼ਲੇਸ਼ਕਾਂ ਅਤੇ ਨਿਰਪੱਖ ਰਾਇ ਰੱਖਣ ਵਾਲੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਹੈ ਕਿ ਉਹ ਭਾਵੇਂ ਅਪਣੇ ਚਹੇਤੇ ਪੱਤਰਕਾਰਾਂ ਨੂੰ ਸੱਦਾ ਦੇ ਕੇ ਬੁਲਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਕਿਉਂ ਝਿਜਕਦੇ ਹਨ?
ਉਨ੍ਹਾਂ ਪੁਛਿਆ ਕਿ ਪਹਿਲਾਂ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ, ਭਗਵੰਤ ਮਾਨ, ਪਰਮਜੀਤ ਸਿੰਘ ਸਰਨਾ ਵਰਗੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਖੁਲ੍ਹੀ ਬਹਿਸ ਕਰਨ ਦੀ ਚੁਣੌਤੀ ਦਿਤੀ ਅਤੇ ਹੁਣ ਕੁਲਬੀਰ ਸਿੰਘ ਜ਼ੀਰਾ ਵਲੋਂ ਦਿਤੀ ਚੁਣੌਤੀ ਦਾ ਜਵਾਬ ਦੇਣ ਤੋਂ ਸੁਖਬੀਰ ਬਾਦਲ ਕਿਉਂ ਟਾਲਾ ਵੱਟ ਰਹੇ ਹਨ? ਸੀਬੀਆਈ ਦੀ ਅਦਾਲਤ ਨੇ ਸੌਦਾ ਸਾਧ ਨੂੰ ਬਲਾਤਕਾਰੀ ਅਤੇ ਕਾਤਲ ਸਿੱਧ ਕਰਕੇ ਦੋਸ਼ੀ ਸਾਬਤ ਕਰ ਦਿਤਾ ਅਤੇ ਐਸਆਈਟੀ ਵਲੋਂ ਬੇਅਦਬੀ ਕਾਂਡ 'ਚ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਪਰ ਸੁਖਬੀਰ ਬਾਦਲ ਜਾਂ ਉਸ ਦੇ ਕਿਸੇ ਵੀ ਪਰਵਾਰਕ ਮੈਂਬਰ ਨੇ ਸੌਦਾ ਸਾਧ ਵਿਰੁਧ ਬਿਆਨ ਜਾਰੀ ਕਰਨ ਦੀ ਜੁਰਅੱਤ ਕਿਉਂ ਨਾ ਕੀਤੀ?