
ਜੇ ਵਾਹਿਗੁਰੂ ਜੀ ਕਿਰਪਾ ਤੇ ਲੋਕਾਂ ਦਾ ਸਾਥ ਮਿਲਿਆ ਤਾਂ ਇਸ ਤਰ੍ਹਾਂ ਦੇ ਪ੍ਰਾਜੈਕਟ ਪੂਰੇ ਪੰਜਾਬ ਵਿਚ ਖੋਲ੍ਹਾਂਗੇ : ਦਵਿੰਦਰ ਸਿੰਘ
ਅੱਜ ਦੇ ਦੌਰ ਵਿਚ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ ਕਿ ਗ਼ਰੀਬ ਵਿਅਕਤੀ ਆਪਣੇ ਘਰ ਦਾ ਗੁਜਾਰਾ ਬਹੁਤ ਔਖਾ ਚਲਾਉਂਦਾ ਹੈ। ਇਸ ਮਹਿੰਗਾਈ ਦੌਰ ਵਿਚ ਜੇ ਕਿਸੇ ਵਿਅਕਤੀ ਨੂੰ ਕਿਸੇ ਵੱਡੀ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਕ ਵੱਡੀ ਮੁਸੀਬਤ ਵਿਚ ਫਸ ਜਾਂਦਾ ਹੈ ਉਹ ਸੋਚਦਾ ਹੈ ਕਿ ਹੁਣ ਉਹ ਆਪਣੇ ਘਰ ਦਾ ਗੁਜਾਰਾ ਚਲਾਏ ਜਾਂ ਫਿਰ ਆਪਣਾ ਇਲਾਜ ਕਰਵਾਏ। ਦਵਾਈਆਂ ਤੇ ਟੈਸਟ ਇੰਨੇ ਮਹਿੰਗੇ ਹੋ ਗਏ ਹਨ ਕਿ ਕਈ ਲੋਕ ਆਪਣਾ ਇਲਾਜ ਵੀ ਨਹੀਂ ਕਰਵਾ ਪਾਉਂਦੇ।
ਇਸੇ ਗੱਲ ਨੂੰ ਮਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਖ਼ਾਲਸਾ ਏਡ ਨੇ ਆਪਣਾ ਪਹਿਲਾ ਪਾਇਲਟ ਪ੍ਰਾਜੈਕਟ ਲਗਾਇਆ ਹੈ। ਜਿੱਥੇ ਲੋਕਾਂ ਦੇ ਟੈਸਟ ਬਹੁਤ ਹੀ ਘੱਟ ਕੀਮਤਾਂ ’ਤੇ ਕੀਤੇ ਜਾਂਦੇ ਹਨ। ਅਸੀਂ ਦੇਖਦੇ ਹਾਂ ਕਿ ਸਰਕਾਰੀ ਹਸਪਤਾਲਾਂ ਵਿਚ ਇੰਨੀ ਭੀੜ ਹੁੰਦੀ ਹੈ ਜਿੱਥੇ ਟੈਸਟਾਂ ਲਈ ਲੰਮੀਆਂ ਤਰੀਕਾਂ ਦਿਤੀਆਂ ਜਾਂਦੀਆਂ ਹਨ ਜਿਸ ਕਰ ਕੇ ਲੋਕਾਂ ਨੂੰ ਆਪਣੇ ਟੈਸਟ ਪ੍ਰਾਈਵੇਟ ਲੈਬੋਟਰੀਆਂ ਵਿਚ ਕਰਵਾਉਣੇ ਪੈਂਦੇ ਹਨ। ਜਿੱਥੇ ਇਹ ਟੈਸਟ ਬਹੁਤ ਹੀ ਮਹਿੰਗੇ ਕੀਤੇ ਜਾਂਦੇ ਹਨ ਜਾਂ ਫਿਰ ਕੁੱਝ ਕੋਲ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿਚ ਕਰਵਾਉਂਦੇ ਹਨ ਜਿੱਥੇ ਬਹੁਤ ਹੀ ਮਹਿੰਗਾ ਇਲਾਜ ਕੀਤਾ ਜਾਂਦਾ ਹੈ।
ਹੁਣ ਲੋਕਾਂ ਨੂੰ ਮਹਿੰਗਾਈ ਦੇ ਦੌਰ ਵਿਚ ਜੇਬ੍ਹ ਢਿੱਲੀ ਕਰਨ ਦੀ ਲੋੜ ਨਹੀਂ ਪਵੇਗੀ, ਖ਼ਾਲਸਾ ਏਡ ਵਲੋਂ ਲਗਾਏ ਪਾਇਲਟ ਪ੍ਰਾਜੈਕਟ ਵਿਚ ਸਸਤੇ ਕੀਤੇ ਜਾਂਦੇ ਹਨ। ਜੋ ਟੈਸਟ ਬਾਹਰ ਪ੍ਰਾਈਵੇਟ ਲੈਬੋਟਰੀਆਂ ਵਿਚ ਇਕ ਹਜ਼ਾਰ ਦਾ ਕੀਤਾ ਜਾਂਦਾ ਹੈ ਉਹ ਪਾਇਲਟ ਪ੍ਰਾਜੈਕਟ ਵਿਚ 200 ਤੋਂ 300 ਤੱਕ ਤੇ ਜੋ ਬਾਹਰ 5000 ਦਾ ਕੀਤਾ ਜਾਂਦਾ ਹੈ ਉਹ ਇੱਥੇ 1000 ਤੋਂ 1500 ਤੱਕ ਹੋ ਜਾਂਦਾ ਹੈ। ਜੋ ਟੈਸਟ ਬਾਹਰ ਹਜ਼ਾਰਾਂ ਰੁਪਏ ਵਿਚ ਹੁੰਦੇ ਹਨ ਉਹ ਪਾਇਲਟ ਪ੍ਰਾਜੈਕਟ ’ਚ ਸੌਆਂ ਰੁਪਇਆਂ ਵਿਚ ਹੁੰਦੇ ਹਨ। ਖ਼ਾਲਸਾ ਏਡ ਜੋ ਕਿ ਬੱਚਿਆਂ ਦੀ ਪੜ੍ਹਾਈ, ਲੰਗਰਾਂ ਦਾ ਪ੍ਰਬੰਧ ਕਰਦੀ ਹੈ ਤੇ ਹੁਣ ਹੈਲਥ ਦੇ ਖੇਤਰ ਵਿਚ ਵੀ ਪੰਜਾਬ ਵਿਚ ਕਈ ਪ੍ਰਾਜੈਕਟ ਲਗਾਏ ਗਏ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਦਵਿੰਦਰ ਸਿੰਘ ਜੋ ਕਿ ਪੰਜਾਬ ਦੇ ਪ੍ਰਾਜੈਕਟਾਂ ਨੂੰ ਲੀਡ ਕਰਦੇ ਹਨ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਅਸੀਂ ਇਹ ਹੈਲਥ ਸੈਂਟਰ ਜੁਲਾਈ 2024 ਵਿਚ ਸ਼ੁਰੂ ਕੀਤਾ ਸੀ। ਜਿੱਥੇ ਸਾਡੇ ਵਲੋਂ 6 ਤਰ੍ਹਾਂ ਦੀਆਂ ਸੇਵਾਵਾਂ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਹੈਲਥ ਸੈਂਟਰ ਵਿਚ ਦੰਦਾਂ ਦਾ ਇਲਾਜ, ਲਾਬ, ਐਕਸਰੇ, ਫਿਊਜੀਥਰੈਪੀ ਤੇ ਸਿਟੀਸਕੈਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਲੈਬ ਵਿਚ ਇਕ ਓਪੀਡੀ ਲਈ ਡਾਕਟਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਦੰਦ ਕੱਢਣ ਤੋਂ ਲੈ ਕੇ ਨਵਾਂ ਲਵਾਉਣ ਤੱਕ ਇਥੇ ਸੇਵਾਵਾਂ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਬਜ਼ਾਰਾਂ ਵਿਚ ਜੋ ਨਵੇਂ ਦੰਦ ਜਾਂ ਫਿਰ ਟੈਸਟ ਹਜ਼ਾਰਾਂ ਵਿਚ ਕੀਤੇ ਜਾਂਦੇ ਹਨ ਉਹ ਇਥੇ ਸੌਆਂ ਵਿਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਹੈਲਥ ਸੈਂਟਰ ਸੋਮਵਾਰ ਤੋਂ ਸਨਿਚਰਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਪਾਣੀ ਜਾਂ ਫਿਰ ਫਾਸਟ ਫੂਡ ਕਰ ਕੇ ਲੋਕਾਂ ਵਿਚ ਦਿਨ ਪਰ ਦਿਨ ਬਿਮਾਰੀਆਂ ਵਧ ਰਹੀਆਂ ਹਨ ਤੇ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਲੋਕ ਇੰਨੀ ਮਹਿੰਗਾਈ ਹੋਣ ਕਰਕੇ ਆਪਣਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਪਾਉਂਦੇ ਜਿਸ ਕਰ ਕੇ ਅਸੀਂ ਇਹ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇ ਵਾਹਿਗੁਰੂ ਜੀ ਕਿਰਪਾ ਤੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਅਸੀਂ ਇਸ ਤਰ੍ਹਾਂ ਦੇ ਪ੍ਰਾਜੈਕਟ ਪੂਰੇ ਪੰਜਾਬ ਵਿਚ ਖੋਲ੍ਹਣੇ ਚਾਹੁੰਦੇ ਹਨ। ਉਨ੍ਹਾਂ ਕਿਹ ਕਿ ਇਹ ਪਾਇਲਟ ਪ੍ਰਾਜੈਕਟ ਪੰਜਾਬ ਵਿਚ ਸਾਡੇ ਪਹਿਲਾ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਚੁੜੀਆਂ ਵਿਚ ਇਕ ਸਾਡਾ ਡਾਈਲੈਸ ਪ੍ਰਾਜੈਕਟ ਵੀ ਚੱਲ ਰਿਹਾ ਹੈ ਜੋ ਕਿ ਪੰਜਾਬ ਵਿਚ ਸਭ ਤੋਂ ਸਸਤਾ ਪ੍ਰਾਜੈਕਟ ਹੈ ਜਿਥੇ ਪਹਿਲਾ ਡਾਈਲੈਸ 500 ਤੇ ਦੂਜਾ 200 ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਇਲੈਟ ਪ੍ਰਾਜੈਕਟ ਦੀ ਇਮਾਰਤ ਦੇ ਬਾਹਰਲੇ ਪਾਲੇ ਇਕ ਫਾਰਮੈਸੀ ਦੀ ਦੁਕਾਨ ਵੀ ਖੋਲ੍ਹੀ ਹੋਈ ਜਿੱਥੇ ਬਹੁਤ ਵਾਜਿਬ ਮੁੱਲਾਂ ’ਤੇ ਦਵਾਈਆਂ ਮਿਲਦੀਆਂ ਹਨ।