
ਪੰਜਾਬ ਦੇ ਫਿਰੋਜ਼ਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੀਐਸਐਫ਼ ਨੇ ਇਕ ਸ਼ੱਕੀ ਨੌਜਵਾਨ ਨੂੰ ਫੜਿਆ ਹੈ, ਜਿਸ ਦੇ ਕੋਲੋਂ ਮੋਬਾਇਲ...
ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੀਐਸਐਫ਼ ਨੇ ਇਕ ਸ਼ੱਕੀ ਨੌਜਵਾਨ ਨੂੰ ਫੜਿਆ ਹੈ, ਜਿਸ ਦੇ ਕੋਲੋਂ ਮੋਬਾਇਲ ਫ਼ੋਨ ਵਿਚ ਪਾਕਿਸਤਾਨੀ ਨੰਬਰ ਮਿਲਿਆ ਹੈ। ਬੀਐਸਐਫ਼ ਨੇ ਵੀਰਵਾਰ ਦੀ ਸ਼ਾਮ ਬੀਓਪੀ ਮੱਬੋਕੇ ਕੋਲੋਂ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਹੈ। ਫੜੇ ਗਏ ਵਿਅਕਤੀ ਤੋਂ ਬਰਾਮਦ ਮੋਬਾਇਲ ਵਿਚ ਪਾਕਿਸਤਾਨੀ ਨੰਬਰ ਮਿਲਿਆ ਹੈ। ਬੀਐਸਐਫ਼ ਨੇ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਥਾਣਾ ਮਮਦੋਟ ਪੁਲਿਸ ਦੇ ਹਵਾਲੇ ਕਰ ਦਿਤਾ ਹੈ।
ਮਮਦੋਟ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਵਿਰੁਧ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤੀ ਜਾਵੇਗੀ। ਬੀਓਪੀ ਮੱਬੋਕੇ ਵਿਚ ਤੈਨਾਤ ਬੀਐਸਐਫ਼ ਦੀ 29 ਬਟਾਲੀਅਨ ਦੇ ਜਵਾਨਾਂ ਨੇ ਸ਼ਾਮ ਚਾਰ ਵਜੇ ਦੇ ਲਗਭੱਗ 21 ਸਾਲਾਂ ਮੁਹੰਮਦ ਸ਼ਾਹਰੁੱਖ ਪੁੱਤਰ ਮੁਹੰਮਦ ਫਾਰੂਖ ਨਿਵਾਸੀ ਅਬਦੁੱਲਾ ਬਿੱਲਾਰੀ ਜ਼ਿਲ੍ਹਾ ਮੁਰਾਦਾਬਾਦ ਉੱਤਰ ਪ੍ਰਦੇਸ਼ ਨੂੰ ਸ਼ੱਕੀ ਪ੍ਰਸਥਿਤੀਆਂ ਵਿਚ ਫੜਿਆ।
ਬੀਐਸਐਫ਼ ਜਵਾਨਾਂ ਨੇ ਉਕਤ ਵਿਅਕਤੀ ਨੂੰ ਫੜ ਕੇ ਅਪਣੇ ਉੱਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ। ਤਲਾਸ਼ੀ ਦੇ ਦੌਰਾਨ ਜਵਾਨਾਂ ਨੂੰ ਉਕਤ ਵਿਅਕਤੀ ਕੋਲੋਂ ਇਕ ਮੋਬਾਇਲ ਫ਼ੋਨ ਮਿਲਿਆ, ਫੋਨ ਦੇ ਵੱਟਸਐਪ ਵਿਚ ਜੀਐਸਟੀ ਗਰੁੱਪ ਦੇ ਨਾਮ ਨਾਲ ਬਣੇ ਗਰੁੱਪ ਵਿਚ ਅੱਠ ਪਾਕਿਸਤਾਨੀਆਂ ਦੇ ਮੋਬਾਇਲ ਨੰਬਰ ਮਿਲੇ, ਇਸ ਤੋਂ ਇਲਾਵਾ ਪੰਜਾਬ ਦੇ ਗਰੁੱਪ ਵਿਚ ਛੇ ਪਾਕਿਸਤਾਨੀ ਮੋਬਾਇਲ ਨੰਬਰ ਅਤੇ ਇਸਲਾਮਿਕ ਗਰੁੱਪ ਵਿਚ ਇਕ ਪਾਕਿਸਤਾਨੀ ਨੰਬਰ ਮਿਲਿਆ ਹੈ।
ਦੱਸਿਆ ਜਾ ਰਿਹਾ ਕਿ ਮੁਹੰਮਦ ਸ਼ਾਹਰੁੱਖ ਸਰਹੱਦੀ ਪਿੰਡਾਂ ਵਿਚ ਸ਼ਾਲ, ਬੈੱਡਸੀਟ ਵੇਚਣ ਦਾ ਕੰਮ ਕਰਦਾ ਸੀ। ਇਸ ਮਾਮਲੇ ਵਿਚ ਥਾਣਾ ਮਮਦੋਟ ਪੁਲਿਸ ਨੇ ਦੱਸਿਆ ਕਿ ਬੀਐਸਐਫ਼ ਵਲੋਂ ਮੁਹੰਮਦ ਸ਼ਾਹਰੁੱਖ ਨੂੰ ਸੌਂਪਿਆ ਗਿਆ ਹੈ, ਸ਼ਾਹਰੁੱਖ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗੀ, ਪੁਲਿਸ ਰਿਮਾਂਡ ਦੇ ਦੌਰਾਨ ਮੋਬਾਇਲ ਵਿਚ ਪਾਕਿਸਤਾਨੀ ਨੰਬਰਾਂ ਦੇ ਹੋਣ ਦੇ ਬਾਰੇ ਅਤੇ ਸਰਹੱਦੀ ਪਿੰਡਾਂ ਵਿਚ ਉਸ ਦੀ ਮੌਜੂਦਗੀ ਦੇ ਬਾਰੇ ਵਿਚ ਜਾਂਚ-ਪੜਤਾਲ ਹੋਵੇਗੀ।