
ਅਕਾਲੀ ਦਲ ਨੇ ਦੇਸ਼ ਤੇ ਕੌਮ ਲਈ ਕਈ ਲੜਾਈਆਂ ਲੜੀਆਂ
ਬਠਿੰਡਾ : ਭਾਵੇਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਹੋਣ ਨੂੰ ਦੋ ਸਾਲ ਦਾ ਅਰਸਾ ਬਾਕੀ ਪਿਆ ਹੈ, ਪਰ ਪੰਜਾਬ ਦੀ ਸਿਆਸੀ ਫਿਜ਼ਾ ਅੰਦਰ ਸਿਆਸੀ ਸਰਗਰਮੀਆਂ ਦਾ ਰੰਗ ਦਿਨੋਂ-ਦਿਨ ਗੂਹੜਾ ਹੁੰਦਾ ਜਾ ਰਿਹਾ ਹੈ। ਜਿਉਂ ਜਿਉਂ ਵਾਤਾਵਰਣ 'ਚ ਗਰਮੀ ਵਧਦੀ ਜਾ ਰਹੀ ਹੈ, ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਵੀ ਹੁਣ ਰਹਿੰਦੇ ਦੋ ਸਾਲਾਂ ਦੌਰਾਨ ਚੌਕੇ-ਛੱਕੇ ਲਾਉਣ ਲਈ ਕਮਰਕੱਸੀ ਕਰਦੀ ਜਾਪ ਰਹੀ ਹੈ।
Photo
ਦੂਜੇ ਪਾਸੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫ਼ੀ ਵਰਗੀਆਂ ਘਟਨਾਵਾਂ ਕਾਰਨ ਹਾਸ਼ੀਏ 'ਤੇ ਗਏ ਸ਼੍ਰੋਮਣੀ ਅਕਾਲੀ ਦਲ ਨੇ ਵੀ ਧਰਨੇ ਰੈਲੀਆਂ ਤੋਂ ਇਲਾਵਾ ਝੂਠੀਆਂ-ਸੱਚੀਆਂ ਬਿਆਨਬਾਜ਼ੀਆਂ ਜ਼ਰੀਏ ਅਪਣੀ ਥਾਂ ਪੱਕੀ ਕਰਨ ਲਈ ਦਿਨ-ਰਾਤ ਇਕ ਕੀਤੀ ਹੋਈ ਹੈ। ਦਿੱਲੀ ਜਿੱਤਣ ਤੋਂ ਬਾਅਦ ਪੂਰੇ ਜਲੋਅ 'ਚ ਚੱਲ ਰਹੀ ਆਮ ਆਦਮੀ ਪਾਰਟੀ ਵੀ ਪਿਛਲੀਆਂ ਗ਼ਲਤੀਆਂ ਤੋਂ ਸੇਧ ਲੈਂਦਿਆਂ ਖੁਦ ਨੂੰ ਕਿਸਮਤ ਦਾ ਸਿਕੰਦਰ ਸਾਬਤ ਕਰਨ ਲਈ ਟਿੱਲ ਲਾ ਰਹੀ ਹੈ।
Photo
ਇਸੇ ਦੌਰਾਨ ਵੱਡੇ ਬਾਦਲ ਸਾਹਿਬ ਜੋ ਪਿਛਲੇ ਸਮੇਂ ਦੌਰਾਨ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਲਗਭਗ ਤਿਲਾਂਜਲੀ ਦੇ ਕੇ ਸਕੂਨ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ, ਹੁਣ ਬਜ਼ੁਰਗ ਟਕਸਾਲੀਆਂ ਵਲੋਂ ਸੁਖਬੀਰ ਦਾ ਸਾਥ ਛੱਡ ਜਾਣ ਬਾਅਦ ਮੁੜ ਸਿਆਸੀ ਅਖਾੜੇ 'ਚ ਕੁੱਦ ਪਏ ਹਨ। ਸੰਗਰੂਰ ਰੈਲੀ ਤੋਂ ਵਿਰੋਧੀਆਂ ਨੂੰ ਸਿਆਸੀ ਰਗੜੇ ਲਾਉਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਉਹ ਮੁੜ ਅਪਣੀ ਪਹਿਲਾਂ ਵਾਲੀ ਸਿਆਸੀ ਲੈਅ 'ਚ ਆਉਂਦੇ ਜਾਪ ਰਹੇ ਹਨ। ਇਸ ਦਾ ਅੰਦਾਜ਼ਾ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਵਿਖੇ ਕੀਤੀ ਗਈ ਰੈਲੀ ਦੌਰਾਨ ਉਨ੍ਹਾਂ ਵਲੋਂ ਕੈਪਟਨ ਸਰਕਾਰ ਅਤੇ ਵਿਰੋਧੀਆਂ 'ਤੇ ਲਾਏ ਗਏ ਸਿਆਸੀ ਨਿਸ਼ਾਨਿਆਂ ਤੋਂ ਲਾਇਆ ਜਾ ਸਕਦਾ ਹੈ।
Photo
ਬਠਿੰਡਾ ਰੈਲੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਖ਼ੂਬ ਰਗੜੇ ਲਾਏ। ਕੈਪਟਨ ਸਰਕਾਰ 'ਤੇ ਲੋਕਾਂ ਨਾਲ ਵਾਅਦਾ-ਖਿਲਾਫ਼ੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਲੋਕਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਅੱਜ ਤਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਹੀ ਉਨ੍ਹਾਂ ਨੂੰ ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਕੈਪਟਨ ਸਰਕਾਰ ਖਜ਼ਾਨਾ ਖ਼ਾਲੀ ਹੋਣ ਦਾ ਰੌਣਾ ਰੌ ਰਹੀ ਹੈ।
Photo
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਅਤੇ ਕੌਮ ਲਈ ਕਈ ਲੜਾਈਆਂ ਲੜੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਸੂਬੇ ਦੀ ਲੜਾਈ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਮੁਕਰਨ ਵਾਲਿਆਂ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਆਗੂ ਵੀ ਸ਼ਾਮਲ ਹਨ। ਪੰਡਤ ਜਵਾਹਰ ਲਾਲ ਨਹਿਰੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1946 ਵਿਚ ਸਟੇਟਮੈਂਟ ਦਿਤੀ ਸੀ ਕਿ 'ਬਹਾਦਰ ਸਿੱਖ ਕੌਮ ਦਾ ਅਪਣੇ ਵਾਸਤੇ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕਰਨ ਦਾ ਪੂਰਾ ਹੱਕ ਹੈ।''
Photo
ਉਨ੍ਹਾਂ ਕਿਹਾ ਕਿ ਗਾਂਧੀ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਤਾਂ ਇਕੱਲੀ ਪਾਰਟੀ ਹੀ ਨਹੀਂ ਸਗੋਂ ਸਾਰੇ ਦੇਸ਼ ਦਾ ਸਰਵਨਾਸ਼ ਹੋ ਜਾਵੇਗਾ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਹਮੇਸ਼ਾ ਲੋਕਾਂ ਨਾਲ ਵਾਅਦੇ ਕਰਨ ਤੋਂ ਬਾਅਦ ਮੁਕਰਨ ਦੀ ਰਾਜਨੀਤੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਕੁਚਾਲਾਂ ਤੋਂ ਉਹ ਤਾਂ ਜਾਣੂ ਹਨ ਪਰ ਨੌਜਵਾਨ ਪੀੜ੍ਹੀ ਇਨ੍ਹਾਂ ਨੂੰ ਨਹੀਂ ਜਾਣਦੀ।