
ਪੰਜਾਬ 'ਚ ਅੱਜ ਸ਼ਾਮ ਤੋਂ ਕੱਲ੍ਹ ਰਾਤ 11 ਵਜੇ ਤਕ ਇੰਟਰਨੈੱਟ ਮੋਬਾਈਲ ਸੇਵਾ ਬੰਦ
ਚੰਡੀਗੜ੍ਹ: ਦਲਿਤ ਭਾਈਚਾਰੇ ਵਲੋਂ 2 ਅਪ੍ਰੈਲ ਨੂੰ ਦਿਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਐਤਵਾਰ 1 ਅਪ੍ਰੈਲ ਦੀ ਸ਼ਾਮ ਤੋਂ ਬਾਅਦ ਸੋਮਵਾਰ ਰਾਤ 11 ਵਜੇ ਤਕ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਐੱਸ.ਐੱਮ. ਐੱਸ. ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵਲੋਂ ਇਹ ਫ਼ੈਸਲਾ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਫਵਾਹ ਫੈਲਣ ਤੋਂ ਬਾਅਦ ਹੋਣ ਵਾਲੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕੱਲ੍ਹ 2 ਅਪ੍ਰੈਲ ਨੂੰ ਪੰਜਾਬ ਵਿੱਚ ਸਕੂਲ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਹੈ। ਸਿੱਖਿਆ ਬੋਰਡ ਨੇ ਕੱਲ੍ਹ ਹੋਣ ਵਾਲੇ ਇਮਿਤਿਹਾਨ ਵੀ ਮੁਲਤਵੀ ਕਰ ਦਿੱਤੇ ਹਨ।
internet
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਮੁੱਚੇ ਵਿੱਦਿਅਕ ਅਦਾਰੇ 2 ਅਪ੍ਰੈਲ ਨੂੰ ਬੰਦ ਰਹਿਣਗੇ। ਬੁਲਾਰੇ ਨੇ ਕਿਹਾ ਕਿ ਐਸਸੀਐਸਟੀ ਮੁੱਦੇ ‘ਤੇ ਬੰਦ ਦੇ ਸੱਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਫ਼ੈਸਲਾ ਲਿਆ ਗਿਆ ਹੈ। ਪੈਪਸੀ ਤੇ ਪੰਜਾਬ ਰੋਡਵੇਜ਼ ਨੇ ਬੱਸਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।
internet
ਉਧਰ, ਐਸ.ਸੀ./ਐਸ.ਟੀ. ਐਕਟ ਤਹਿਤ ਤੈਅ ਸ਼ਰਤਾਂ ਨੂੰ ਨਰਮ ਕਰਨ ਵਿਰੁਧ 2 ਅਪਰੈਲ ਨੂੰ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਭਾਈਚਾਰੇ ਨੂੰ ਵਡੇਰੇ ਜਨਤਕ ਹਿੱਤਾਂ ਵਿਚ ਸੰਜਮ ਵਰਤਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
internet
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਭਾਈਚਾਰਿਆਂ ਦੀਆਂ ਭਾਵਨਾਵਾਂ ਤੇ ਕਾਨੂੰਨੀ ਤੇ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਜ਼ਾਹਰ ਕੀਤੇ ਜਾਣ ਦੀ ਕਦਰ ਕਰਦੀ ਹੈ ਪਰ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੇ ਸ਼ਾਂਤੀ ਅਤੇ ਸਦਭਾਵਨਾ ਭਰੇ ਮਾਹੌਲ ਵਿੱਚ ਵਿਘਨ ਨਹੀਂ ਪੈਣ ਦਿੱਤਾ ਜਾਣਾ ਚਾਹੀਦਾ।