
ਕਿਸਾਨ ਹੁਣ ਮਈ ਵਿਚ ਪਾਰਲੀਮੈਂਟ ਨੂੰ ਘੇਰਨਗੇ
ਪਹਿਲਾਂ 5 ਅਪ੍ਰੈਲ ਨੂੰ ਐਫ਼.ਸੀ.ਆਈ. ਦਫ਼ਤਰਾਂ ਦੇ ਘਿਰਾਉ ਕਰਨਗੇ ਤੇ 10 ਅਪ੍ਰੈਲ ਨੂੰ ਦਿੱਲੀ ਦੁਆਲੇ ਕੇ.ਐਮ.ਪੀ. ਮਾਰਗ 'ਤੇ 24 ਘੰਟੇ ਦਾ ਜਾਮ ਲੱਗੇਗਾ
ਚੰਡੀਗੜ੍ਹ, 31 ਮਾਰਚ (ਗੁਰਉਪਦੇਸ਼ ਭੁੱਲਰ): ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਦਬਾਅ ਵਧਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ ਦੇਸ਼ ਦੇ ਹੋਰ ਵੱਖ ਵੱਖ ਰਾਜਾਂ ਵਿਚ ਚਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਈ ਫ਼ੈਸਲੇ ਲਏ ਹਨ | ਇਨ੍ਹਾਂ ਫ਼ੈਸਲਿਆਂ ਦਾ ਐਲਾਨ ਅੱਜ ਮੋਰਚੇ ਦੇ ਪ੍ਰਮੁੱਖ ਆਗੂਆਂ ਵਲੋਂ ਮੀਟਿੰਗ ਤੋਂ ਬਾਅਦ ਕੀਤਾ ਗਿਆ | ਮੋਰਚੇ ਨੇ ਅਹਿਮ ਫ਼ੈਸਲਾ ਲੈਂਦਿਆਂ ਦਿੱਲੀ ਦੁਆਲੇ ਪੈਂਦੇ ਕੇ.ਐਮ.ਪੀ. ਮਾਰਗ ਨੂੰ 10 ਅਪ੍ਰੈਲ ਨੂੰ ਪੂਰੇ 24 ਘੰਟੇ ਮੁਕੰਮਲ ਜਾਮ ਕਰਨ ਦਾ ਐਲਾਨ ਕੀਤਾ ਹੈ | ਮਈ ਦੇ ਦੂਜੇ ਹਫ਼ਤੇ ਦੌਰਾਨ ਸੰਸਦ ਵਲ ਮਾਰਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਪਹਿਲਾਂ ਵੀ ਇਹ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿਤਾ ਗਿਆ ਸੀ |
ਮੋਰਚੇ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਇਹ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ | ਇਸ ਵਿਚ ਔਰਤਾਂ, ਦਲਿਤ, ਆਦਿ ਵਾਸੀ ਲੋਕ, ਬੇਰੁਜ਼ਗਾਰ ਨੌਜਵਾਨਾਂ ਤੋਂ ਇਲਾਵਾ ਹੋਰ ਵੱਖ ਵੱਖ ਵਰਗਾਂ ਦੇ ਮੈਂਬਰ ਵੀ ਸ਼ਾਮਲ ਹੋਣਗੇ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ 5 ਅਪ੍ਰੈਲ ਨੂੰ ਕੇਂਦਰ ਸਰਕਾਰ ਦੇ ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਫ਼ੈਸਲੇ ਦੇ ਵਿਰੋਧ ਵਿਚ ਦੇਸ਼ ਭਰ ਵਿਚ ਐਫ਼ਸੀਆਈ
ਦਫ਼ਤਰਾਂ ਦਾ ਘਿਰਾਉ ਕੀਤਾ ਜਾਵੇਗਾ | 14 ਅਪ੍ਰੈਲ ਨੂੰ ਡਾਕਟਰ ਬੀ.ਆਰ. ਅੰਬੇਦਕਰ ਦੀ ਜੈਯੰਤੀ ਨੂੰ ਸੰਵਿਧਾਨ ਬਚਾਉ ਦਿਵਸ ਵਜੋਂ ਮਨਾਇਆ ਜਾਵੇਗਾ | 1 ਮਈ ਦੇ ਮਜ਼ਦੂਰ ਦਿਹਾੜੇ ਨੂੰ ਦਿੱਲੀ ਦੀਆਂ ਹੱਦਾਂ 'ਤੇ ਮਜ਼ਦੂਰ ਕਿਸਾਨ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ | ਅੱਜ ਪ੍ਰੈਸ ਕਾਨਫ਼ਰੰਸ ਵਿਚ ਪ੍ਰੇਮ ਸਿੰਘ ਭੰਗੂ, ਡਾ. ਸਤਨਾਮ ਸਿੰਘ ਅਜਨਾਲਾ, ਰਵਿੰਦਰ ਕੌਰ ਆਦਿ ਵੀ ਮੌਜੂਦ ਸਨ |