
1 ਲੱਖ ਰੁਪਏ ਲਗਾਇਆ ਗਿਆ ਜੁਰਮਾਨਾ
ਜਲੰਧਰ ਦੇ ਪਾਦਰੀ ਨੂੰ 2018 ਵਿਚ ਜ਼ੀਰਕਪੁਰ ਦੀ ਇਕ ਔਰਤ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਮਿਲੀ ਹੈ। ਪਾਦਰੀ ਬਜਿੰਦਰ ਸਿੰਘ ਨੂੰ 28 ਮਾਰਚ ਨੂੰ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ ਭੇਜ ਦਿਤਾ ਗਿਆ ਸੀ। ਪੰਜਾਬ ਦੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ’ਤੇ 2018 ’ਚ ਇਕ 35 ਸਾਲਾ ਔਰਤ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਦਰੀ ਨੇ ਮੁਹਾਲੀ ਸਥਿਤ ਆਪਣੇ ਘਰ ਜਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਲੈਕਮੇਲ ਕਰਨ ਦੀ ਧਮਕੀ ਦਿਤੀ।
ਸ਼ਿਕਾਇਤ ਮੁਤਾਬਕ ਅਪ੍ਰੈਲ 2018 ’ਚ ਪੀੜਤਾ ਨੇ ਹਿੰਮਤ ਜਤਾਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸਿੰਘ ਫਰਾਰ ਹੋ ਗਿਆ। ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ ’ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਦਾ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਹਾਲ ਹੀ ਵਿਚ ਵਾਇਰਲ ਹੋਈ ਇਕ ਵੀਡੀਉ ਵਿਚ ਬਜਿੰਦਰ ਸਿੰਘ ਨੂੰ ਆਪਣੇ ਦਫ਼ਤਰ ਵਿਚ ਇਕ ਔਰਤ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਦੇ ਦੇਖਿਆ ਗਿਆ ਸੀ।
photo
ਪਾਦਰੀ ਬਜਿੰਦਰ ਸਿੰਘ ਨੂੰ ਅਦਾਲਤ ਵਲੋਂ ਤਾ-ਉਮਰ ਕੈਦ ਦੀ ਸਜ਼ਾ ਸੁਣਾਉਣ ਤੇ ਇਕ ਲੱਖ ਰੁਪਏ ਜੁਰਮਾਨਾ ਲਗਾਉਣ ਤੋਂ ਬਾਅਦ ਪੀੜਤ ਮਹਿਲਾ ਦੇ ਵਕੀਲ ਨਵੀਨ ਕੁਮਾਰ ਸਾਗਰ ਨੇ ਕਿਹਾ ਕਿ ਜਿਹੜੇ ਲੋਕ ਔਰਤਾਂ, ਲੜਕੀਆਂ ਤੇ ਬੱਚਿਆਂ ਨਾਲ ਅਜਿਹੇ ਗ਼ਲਤ ਕੰਮ ਕਰਦੇ ਹਨ ਉਨ੍ਹਾਂ ਲਈ ਇਹ ਇਕ ਚੰਗਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਪਾਦਰੀ ਬਜਿੰਦਰ ਨੂੰ ਇਹ ਸਜ਼ਾ ਹੋਣੀ ਚਾਹੀਦੀ ਸੀ ਤੇ ਕੋਰਟ ਨੇ ਪਾਦਰੀ ਨੂੰ ਸਜ਼ਾ ਸੁਣਾ ਕੇ ਪੀੜਤ ਨਾਲ ਇਨਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰਦੇ ਦਮ ਤਕ ਪਦਰੀ ਬਜਿੰਦਰ ਸਿੰਘ ਜੇਲ ਵਿਚ ਹੀ ਰਹੇਗਾ।
photo
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਪਾਦਰੀ ਬਜਿੰਦਰ ਸਿੰਘ ਜੋ ਸਜ਼ਾ ਸੁਣਾਈ ਹੈ ਉਸ ਦਾ ਉਹ ਹੱਕਦਾਰ ਹੈ। ਪਾਦਰੀ ਬਜਿੰਦਰ ਨੇ ਧਰਮ ਦੀ ਆੜ ਵਿਚ ਜੋ ਵੀ ਕੀਤਾ ਉਹ ਇਕ ਮੰਦਭਾਗੀ ਗੱਲ ਹੈ। ਪਾਦਰੀ ਬਜਿੰਦਰ ਵਰਗੇ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ, ਜੋ ਇਕ ਚਿੰਤਾ ਦਾ ਵਿਸ਼ਾ ਹੈ। ਪਾਦਰੀ ਬਜਿੰਦਰ ਵਰਗੇ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਹੈ ਤੇ ਅਜਿਹੇ ਮੁੱਦਿਆਂ ’ਤੇ ਧਾਰਮਿਕ ਸੰਸਥਾਵਾਂ ਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਅਦਾਲਤ ਦਾ ਧਨਵਾਦ ਕੀਤਾ ਤੇ ਪੀੜਤ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪੀੜਤ ਪਰਿਵਾਰ ਨੇ ਡਟ ਕੇ ਪਾਦਰੀ ਦਾ ਸਾਹਮਣਾ ਕੀਤਾ ਤੇ ਇਹ ਲੜਾਈ ਲੜੀ ਤੇ ਜਿੱਤੀ ਉਸ ਕਰ ਕੇ ਪੀੜਤ ਪਰਿਵਾਰ ਵਧਾਈ ਦਾ ਹੱਕਦਾਰ ਹੈ। ਸਿਆਸੀ ਮਾਹਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪਾਦਰੀ ਬਜਿੰਦਰ ਸਿੰਘ ਦੀ ਡਾਕਟਰੀ ਜਾਂਚ ਵੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਉਹ ਆਪਣੇ ਕੋਲ ਆਏ ਲੋਕਾਂ ਨਾਲ ਪੇਸ਼ ਆਉਂਦਾ ਹੈ, ਉਨ੍ਹਾਂ ਨੂੰ ਕੁੱਟਦਾ ਮਾਰਦਾ ਹੈ ਸ਼ਾਇਦ ਉਸ ਦਾ ਦਿਮਾਗ ਵੀ ਠੀਕ ਨਹੀਂ ਹੈ। ਧਰਮ ਦੀ ਆੜ ਵਿਚ ਔਰਤਾਂ ਨਾਲ ਜ਼ਬਰ ਜਨਾਹ ਜਾਂ ਫਿਰ ਗ਼ਲਤ ਸਲੂਕ ਕਰਨਾ ਬਹੁਤ ਮਾੜੀ ਗੱਲ ਹੈ।
photo
ਅਦਾਲਤ ਨੇ ਤਾਂ ਸਜ਼ਾ ਸੁਣਾ ਦਿਤੀ ਹੈ ਪਰ ਜਿਸ ਸੰਸਥਾ ਨਾਲ ਜੁੜ ਕੇ ਇਹ ਕੰਮ ਕਰਦਾ ਸੀ ਉਸ ਨੂੰ ਵੀ ਬਜਿੰਦਰ ਵਿਰੁਧ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜ਼ਬਰ ਜਨਾਹ ਧਰਮ ਪਰਿਵਰਤਨ ਤੋਂ ਵੱਖ ਮਾਮਲਾ ਹੈ। ਅਜਿਹੇ ਮਾਮਲਿਆਂ ਵਿਚ ਵਿਅਕਤੀ ਦਾ ਆਚਰਣ ਦੇਖਿਆ ਜਾਂਦਾ ਹੈ। ਬਜਿੰਦਰ ਸਿੰਘ ਵਰਗੇ ਵਿਅਕਤੀ ਦੂਜਿਆਂ ਨੂੰ ਸਿਖਿਆਵਾਂ ਦਿੰਦੇ ਹਨ, ਪਰ ਇਨ੍ਹਾਂ ਦਾ ਆਪਣਾ ਵੀ ਆਚਰਣ ਠੀਕ ਹੋਣਾ ਚਾਹੀਦਾ ਹੈ, ਤਾਂ ਹੀ ਇਹ ਦੂਜਿਆਂ ਨੂੰ ਸਿਖਿਆ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਨੇ ਜੋ ਫ਼ੈਸਲਾ ਸੁਣਾਇਆ ਬਹੁਤ ਵਧੀਆ ਫ਼ੈਸਲਾ ਹੈ ਤੇ ਇਸ ਨਾਲ ਦੂਜਿਆਂ ਨੂੰ ਵੀ ਸਿਖਿਆ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਇਕੱਲਾ ਬਜਿੰਦਰ ਗੁਨਾਹਗਾਰ ਨਹੀਂ ਹੈ, ਅਸੀਂ ਵੀ ਉਨੇ ਹੀ ਗੁਨਾਹਗਾਰ ਹਾਂ। ਸਾਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ੈਹੈ ਤੇ ਅਸੀਂ ਪੰਜਾਬ ਨੂੰ ਤਾਂ ਹੀ ਬਚਾ ਸਕਾਂਗੇ ਜੇ ਅਸੀਂ ਅਜਿਹੇ ਲੋਕਾਂ ਤੋਂ ਸੁਚੇਤ ਹੋ ਕੇ ਚਲਾਂਗੇ।