
ਜ਼ਹਿਰੀਲੀ ਚੀਜ਼ ਨਿਗਲ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਤਰਨਤਾਰਨ: ਕਰਜ਼ੇ ਤੋਂ ਤੰਗ ਆ ਇਕ ਹੋਰ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਕਿਸਾਨ ਦਾ ਨਾਮ ਜਰਨੈਲ ਸਿੰਘ (40) ਸੀ, ਜਿਸ ’ਤੇ 8 ਲੱਖ ਰੁਪਏ ਦਾ ਕਰਜ਼ਾ ਸੀ।
Farmer Suicide
ਇਸ ਸਬੰਧੀ ਮ੍ਰਿਤਕ ਕਿਸਾਨ ਦੇ ਚਾਚੇ ਸੋਹਣ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦੇ ਭਤੀਜੇ ਜਰਨੈਲ ਨੇ ਲੈਂਡਮਾਰਗੇਜ਼ ਬੈਂਕ ਤੋਂ 4 ਲੱਖ ਰੁਪਏ ਕਰਜ਼ਾ ਲਿਆ ਸੀ ਜੋ ਹੁਣ ਵਿਆਜ ਲੱਗ ਕੇ 8 ਲੱਖ ਰੁਪਏ ਹੋ ਚੁੱਕਾ ਸੀ। ਬੈਂਕ ਅਧਿਕਾਰੀ ਕਰਜ਼ਾ ਮੋੜਨ ਬਾਰੇ ਕਹਿਣ ਲਈ ਘਰ ਵੀ ਆਉਂਦੇ ਸਨ। ਇਸ ਤੋਂ ਤੰਗ ਆ ਕੇ ਜਰਨੈਲ ਨੇ ਬੁੱਧਵਾਰ ਸਵੇਰੇ ਲਗਭੱਗ 9 ਵਜੇ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜਾਨ ਦੇ ਦਿਤੀ।
Farmer Suicide
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਰਨੈਲ ਸਿੰਘ ਅਪਣੇ ਪਿੱਛੇ ਪਤਨੀ ਤੇ ਇਕ ਲੜਕੀ ਛੱਡ ਗਏ ਹਨ। ਸੂਚਨਾ ਮਿਲਣ ’ਤੇ ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਚੌਂਕੀ ਇੰਚਾਰਜ ਚਰਨ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਈ ਕਿਸਾਨ ਜਰਨੈਲ ਸਿੰਘ ਦੀ ਤਰ੍ਹਾਂ ਕਰਜ਼ੇ ਤੋਂ ਤੰਗ ਆ ਕੇ ਅਪਣੀ ਜ਼ਿੰਦਗੀ ਸਮਾਪਤ ਕਰ ਚੁੱਕੇ ਹਨ। ਪਿਛਲੇ ਲੰਮੇ ਸਮੇਂ ਤੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ ਵਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ।