
ਜਦੋਂ ਸਕੂਲ ਨੇ ਬੱਚੀ ਨੂੰ ਫੀਸ ਨਾ ਭਰਨ ਕਾਰਨ ਪੇਪਰਾਂ 'ਚ ਨਾ ਬੈਠਣ ਦਿੱਤਾ...
ਪਟਿਆਲਾ : ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵੱਲੋਂ ਇੱਕ 13 ਸਾਲਾ ਬੱਚੀ ਨੂੰ ਫੀਸ ਜਮ੍ਹਾਂ ਨਾ ਕਰਾਉਣ ਨੂੰ ਲੈ ਕੇ ਫਾਈਨਲ ਪੇਪਰਾਂ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਾਰਨ ਬੱਚੀ ਵੱਲੋਂ ਡਿਪ੍ਰੈਸ਼ਨ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਮੁਤਾਬਕ ਘਟਨਾ ਮੰਗਲਵਾਰ ਦੀ ਹੈ ਜਦੋਂ ਸਕੂਲ ਨੇ ਬੱਚੀ ਨੂੰ ਫੀਸ ਨਾ ਭਰਨ ਕਾਰਨ ਪੇਪਰਾਂ 'ਚ ਨਾ ਬੈਠਣ ਦਿੱਤਾ। ਬੱਚੀ ਵੱਲੋਂ ਚੁੱਕੇ ਕਦਮ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਜਿਥੇ ਉਹ ਜ਼ੇਰੇ ਇਲਾਜ ਹੈ।
Suicide
ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਲੜਕੀ ਪਟਿਆਲਾ ਦੇ ਕਿਸੇ ਨਿੱਜੀ ਸਕੂਲ ਅੰਦਰ 6ਵੀਂ ਜਮਾਤ 'ਚ ਪੜ੍ਹਦੀ ਹੈ। ਉਸਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਬੱਚੀ ਨਾਲ ਦੁਰਵਿਹਾਰ ਕੀਤਾ ਗਿਆ। ਸਕੂਲ ਮੈਨੇਜਮੈਂਟ ਨੇ ਬੱਚੀ ਨੂੰ ਸਲਾਨਾ 75 ਹਜ਼ਾਰ ਫੀਸ 'ਚੋਂ ਬਕਾਇਆ ਰਹਿੰਦਾ 5 ਹਜ਼ਾਰ ਭਰਨ ਲਈ ਕਿਹਾ। ਬੱਚੀ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ ਤੇ ਬੱਚੀ ਦੀ ਮਾਂ ਸਕੂਲ 'ਚ ਮਾਮਲੇ ਦੀ ਜਾਂਚ ਕਰਨ ਪਹੁੰਚੀ। ਇੰਨੇ ਨੂੰ ਸੁਪਹਿਰ 1 ਵਜੇ ਦੇ ਕਰੀਬ ਮਾਂ ਨੂੰ ਘਰੋਂ ਫੋਨ ਆਇਆ ਕਿ ਉਸਦੀ ਬੱਚੀ ਨੇ ਉਸਦੀਆਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਲਈਆਂ ਹਨ।
Suicide Attempt
ਜਿਸ ਤੋਂ ਬਾਅਦ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਨੂੰ ਦੱਸ ਦਿੱਤਾ ਸੀ ਕਿ ਨਤੀਜਿਆਂ ਤੋਂ ਬਾਅਦ ਉਹ ਰਹਿੰਦੀ ਫੀਸ ਦੀ ਅਦਾਇਗੀ ਵੀ ਕਰ ਦੇਣਗੇ, ਕਿਉਂਕਿ ਉਨ੍ਹਾਂ ਵੱਲੋਂ ਆਪਣੀ ਬੱਚੀ ਨੂੰ ਕਿਸੇ ਹੋਰ ਸਕੂਲ 'ਚ ਲਾਉਣ ਦਾ ਮਨ ਬਣਾਇਆ ਗਿਆ ਸੀ। ਫਿਲਹਾਲ ਸਕੂਲ ਮੈਨੇਜਮੈਂਟ 'ਤੇ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਵਗੈਰਾ ਦਰਜ ਨਹੀਂ ਕੀਤੀ ਗਈ।