
ਢਿੱਲੋਂ ਦਾ ਭਗਵੰਤ ਮਾਨ ’ਤੇ ਤਿੱਖਾ ਹਮਲਾ
ਸੰਗਰੂਰ: ਸੰਗਰੂਰ ਲੋਕਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਅਕਾਲੀ ਦਲ ਉਤੇ ਜੰਮ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਭਗਵੰਤ ਮਾਨ ਦੀ ਬੌਖ਼ਲਾਹਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਹਾਰ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤਾਂ ਕਿਸੇ ਵੀ ਰੇਸ ਵਿਚ ਨਹੀਂ ਹੈ ਤੇ ਢੀਂਡਸਾ ਨੂੰ ਲੋਕ ਵੈਸੇ ਮੂੰਹ ਲਾ ਕੇ ਖੁਸ਼ ਨਹੀਂ ਹਨ ਕਿਉਂਕਿ ਲੋਕਾਂ ਵਿਚ ਬਰਗਾੜੀ ਕਾਂਡ ਨੂੰ ਲੈ ਕੇ ਬਹੁਤ ਗੁੱਸਾ ਹੈ।
Bhagwant Mann
ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਬੰਦੇ ਵੰਗਾਰ ਕੇ ਲਿਆਉਂਦਾ ਹੈ ਜਿਹੜੇ ਫਾਲਤੂ ਦੇ ਸਵਾਲ ਕਰਦੇ ਹਨ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੋਕਾਂ ਨੂੰ ਪਤਾ ਹੈ ਕੀ ਸਹੀ ਹੈ ਤੇ ਕੀ ਗਲਤ। ਭਗਵੰਤ ਮਾਨ ਹੁਣ ਰੇਸ ਵਿਚ ਆਊਟ ਹੋ ਚੁੱਕਿਆ ਹੈ। ਇਸ ਕਰਕੇ ਉਹ ਇਹ ਸਭ ਕੁਝ ਬੌਖ਼ਲਾਹਟ ਵਿਚ ਕਰ ਰਿਹਾ ਹੈ ਕਿਉਂਕਿ ਮਾਨ ਨੂੰ ਪਤਾ ਹੈ ਕਿ ਉਹ ਹੁਣ ਜਿੱਤ ਨਹੀਂ ਸਕਦਾ। ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਬੱਬਰ ਸ਼ੇਰ ਹਨ। 8 ਲੱਖ ਕਿਸਾਨਾਂ ਦੇ 5 ਕਰੋੜ ਤੋਂ ਵਧੇਰੇ ਰਕਮ ਦੇ ਕਰਜ਼ੇ ਮਾਫ਼ ਕੀਤੇ ਜਾ ਚੁੱਕੇ ਹਨ।
Parminder Singh Dhindsa
ਸਾਢੇ 6 ਲੱਖ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਝਾੜੂ ਵਾਲਿਆਂ ਨੂੰ ਵੇਖ ਲਿਆ ਹੈ। ‘ਆਪ’ ਦੇ ਪੱਲੇ ਹੁਣ ਕੁਝ ਨਹੀਂ ਰਿਹਾ। ਪਰਮਿੰਦਰ ਢੀਂਡਸਾ ਬਾਰੇ ਬੋਲਦਿਆਂ ਢਿੱਲੋਂ ਨੇ ਕਿਹਾ ਕਿ ਉਹ ਤਾਂ ਲੜਨਾ ਹੀ ਨਹੀਂ ਚਾਹੁੰਦੇ ਸੀ, ਇਹ ਤਾਂ ਅਕਾਲੀਆਂ ਨੇ ਧੱਕੇ ਨਾਲ ਉਨ੍ਹਾਂ ਨੂੰ ਫਸਾਇਆ ਹੈ। ਨਾਲ ਹੀ ਉਨ੍ਹਾਂ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜਿਸ ਦਾ ਪਿਓ ਅਪਣੇ ਪੁੱਤ ਨੂੰ ਵੋਟ ਨਹੀਂ ਪਾਉਂਦਾ, ਉਹ ਕਿਸੇ ਕੋਲੋਂ ਵੋਟ ਕਿਵੇਂ ਮੰਗੇਗਾ।