
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਸੰਗਰੂਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਕ ਆਰਟੀਆਈ ਕਰਮਚਾਰੀ ਨੇ ਚੋਣ ਕਮਿਸ਼ਨ ਕੋਲ ਆਮ ਆਦਮੀ ਪਾਰਟਾ ਦੇ ਮੌਜੂਦਾ ਸਾਂਸਦ ਅਤੇ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਭਗਵੰਤ ਮਾਨ ‘ਤੇ ਅਪਣੀ ਆਮਦਨ ਅਤੇ ਜਾਇਦਾਦ ਸਬੰਧੀ ਗਲਤ ਜਾਣਕਾਰੀ ਦਾ ਹਲਫਨਾਮਾ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ।
Aap
ਮੁੱਖ ਚੋਣ ਅਧਿਕਾਰੀ, ਮੁੱਖ ਚੋਣ ਕਮਿਸ਼ਨ, ਪੰਜਾਬ ਅਤੇ ਜ਼ਿਲ੍ਹਾ ਚੋਣ ਜ਼ਾਬਤਾ ਕਮ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕੀਤੀ ਸ਼ਿਕਾਇਤ ਵਿਚ ਕਮਲ ਆਨੰਦ ਦਾ ਕਹਿਣਾ ਹੈ ਕਿ ਮਾਨ ਦੇ 2012, 2017 ਅਤੇ 2019 ਦੇ ਹਲਫਨਾਮੇ ਵਿਚ ਬਹੁਤ ਅੰਤਰ ਹੈ। ਇਕ ਖਬਰ ਅਨੁਸਾਰ ਭਗਵੰਤ ਮਾਨ ਨੇ ਸਾਲ 2017 ਵਿਚ ਜਦੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਜਲਾਲਾਬਾਦ ਤੋਂ ਚੋਣ ਲੜੀ ਸੀ ਉਸ ਸਮੇਂ ਉਹਨਾਂ ਨੇ ਅਪਣੀ ਸਲਾਨਾ ਆਮਦਨ 9.34 ਲੱਖ ਰੁਪਏ ਐਲਾਨ ਕੀਤੀ ਸੀ। ਉਥੇ ਹੀ 2019 ਵਿਚ ਉਹਨਾਂ ਨੇ ਅਪਣੀ ਸਲਾਨਾ ਆਮਦਨ (2016-17) ਦੌਰਾਨ 16.54 ਲੱਖ ਰੁਪਏ ਦੱਸੀ ਹੈ।
Bhagwant Mann
ਆਨੰਦ ਨੇ ਇਲਜ਼ਾਮ ਲਗਾਇਆ ਹੈ ਕਿ ਭਗਵੰਤ ਮਾਨ ਨੇ ਆਪਣੇ ਹਲਫਨਾਮੇ ਵਿਚ ਬੀਰ ਕਲਾਂ ਪਿੰਡ ਵਿਚ ਅਪਣੀ ਜਾਇਦਾਦ 18 ਮਰਲੇ ਤੋਂ ਜ਼ਿਆਦਾ ਦੱਸੀ ਹੈ ਪਰ ਸਾਲ 2014 ਵਿਚ ਉਹਨਾਂ ਨੇ ਬੀਰ ਕਲਾਂ ਵਿਚ ਸਿਰਫ 5 ਕਨਾਲ ਜ਼ਮੀਨ ਦੀ ਖਰੀਦ ਦਰਸਾਈ ਸੀ। ਆਨੰਦ ਨੇ ਕਿਹਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 125 ਏ ਦੇ ਤਹਿਤ ਅਤੇ ਆਈਪੀਸੀ ਦੇ ਸੈਕਸ਼ਨ 177 ਦੇ ਤਹਿਤ ਗਲਤ ਜਾਣਕਾਰੀ ਦੇਣ ਅਤੇ ਜਾਣ ਬੁੱਝ ਕੇ ਆਮਦਨੀ ਅਤੇ ਜਾਇਦਾਦ ਦੀ ਜਾਣਕਾਰੀ ਛੁਪਾਉਣ ਲਈ ਮਾਨ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ।
Election Commission of India
ਉਧਰ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਮਾਨ ਨੇ ਕਿਹਾ ਕਿ ਜੇਕਰ ਸਬੰਧਿਤ ਪ੍ਰਸ਼ਾਸਨ ਉਹਨਾਂ ਨੂੰ ਨੋਟਿਸ ਦਿੰਦਾ ਹੈ ਤਾਂ ਉਹ ਇਸ ਬਾਰੇ ਜਵਾਬ ਦਾਖਿਲ ਕਰ ਦੇਣਗੇ। ਇਸ ਤੋਂ ਪਹਿਲਾਂ ਮਾਨ ਨੇ ਅਪਣੇ ਹਲਫਨਾਮੇ ਵਿਚ ਕੁਲ 1.64 ਕਰੋੜ ਦੀ ਸੰਪਤੀ ਦੀ ਘੋਸ਼ਣਾ ਕੀਤੀ ਸੀ। ਉਹਨਾਂ ਨੇ 38.27 ਲੱਖ ਰੁਪਏ ਦੀ ਚੱਲ ਅਤੇ 1.26 ਕਰੋੜ ਰੁਪਏ ਦੀ ਅਚੱਲ ਜਾਇਦਾਦ ਦਰਸਾਈ ਸੀ। ਹਲਫਨਾਮੇ ਮੁਤਾਬਕ ਉਹਨਾਂ ਕੋਲ 25 ਹਜ਼ਾਰ ਰੁਪਏ ਕੈਸ਼ ਹੈ। ਮਾਨ ਦੇ ਕੋਲ ਦੋ ਵਾਹਨ ਹਨ ਜਿਨ੍ਹਾਂ ਦੀ ਕੀਮਤ 11.87 ਲੱਖ ਰੁਪਏ ਅਤੇ 8.50 ਲੱਖ ਰੁਪਏ ਹੈ।