
ਕੈਪਟਨ ਨੇ ਵਿਧਾਇਕਾਂ ਨੂੰ ਹਰ ਹਾਲ ਵਿਚ ਚੋਣਾਂ ਜਿੱਤਣ ਲਈ ਦਿਤੀ ਸੀ ਚਿਤਾਵਨੀ
ਸੰਗਰੂਰ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਵਿਚ ਚੰਗੀ ਪਰਫ਼ਾਰਮੈਂਸ ਵਿਖਾਉਣ ਨੂੰ ਲੈ ਕੇ ਅਪਣੇ ਵਿਧਾਇਕਾਂ ਨੂੰ ਦਿਤੀ ਚਿਤਾਵਨੀ ’ਤੇ ਸਖ਼ਤ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਪਿਛਲੀ ਵਾਰ ਮਹਾਰਾਣੀ ਪ੍ਰਨੀਤ ਕੌਰ ਹਾਰੀ ਸੀ ਤਾਂ ਫਿਰ ਤੁਹਾਡੇ ’ਤੇ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ ਕਿਉਂਕਿ ਇੱਥੇ ਵੋਟਾਂ ਲੈਣ ਜਾਂ ਮੰਗਣ ਦੀ ਗੱਲ ਨਹੀਂ ਹੋ ਰਹੀ ਸਗੋਂ ਵੋਟਾਂ ਲੁੱਟਣ ਦੀ ਗੱਲ ਹੋ ਰਹੀ ਹੈ।
Captain Amarinder Singh
ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਹੈ ਤੇ ਲੋਕਾਂ ਦਾ ਹੱਕ ਹੈ ਉਹ ਜਿਸ ਨੂੰ ਮਰਜ਼ੀ ਵੋਟ ਪਾਉਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਵਲੋਂ ਅਪਣੇ ਵਿਧਾਇਕਾਂ ਨੂੰ ਫਰਮਾਨ ਦਿਤਾ ਗਿਆ ਹੈ ਕਿ ‘ਜਿਹੜਾ ਮੰਤਰੀ ਜਾਂ ਵਿਧਾਇਕ ਅਪਣੇ ਹਲਕੇ ਤੋਂ ਵਧੀਆ ਪਰਫ਼ਾਰਮੈਂਸ ਨਾ ਵਿਖਾ ਸਕੇਗਾ ਤਾਂ ਉਸ ਵਿਰੁਧ ਕਾਰਵਾਈ ਹੋਣੀ ਯਕੀਨੀ ਹੈ’ ਉਸ ਹਿਸਾਬ ਨਾਲ ਤਾਂ ਵਿਧਾਇਕ ਇਸ ਫਰਮਾਨ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਹਨ। ਮਾਨ ਨੇ ਕਿਹਾ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਗੇ।
Bhagwant Mann
ਭਗਵੰਤ ਮਾਨ ਨੇ ਕੈਪਟਨ ਵਲੋਂ ਇਹ ਕਹੇ ਜਾਣ ’ਤੇ ਕਿ ਭਗਵੰਤ ਮਾਨ ਸੰਗਰੂਰ ਤੋਂ ਖੜ੍ਹਾ ਹੈ ਤੇ ਉਹ ਕਦੇ ਬੈਠਦਾ ਹੀ ਨਹੀ, ਇਸ ਲਈ ਮੈਨੂੰ ਫਿਰ ਤੋਂ ਸੰਗਰੂਰ ਆਉਣਾ ਪਵੇਗਾ ’ਤੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਕੈਪਟਨ ਸਾਬ੍ਹ ਸਿਰਫ਼ ਤੁਸੀਂ ਹੀ ਨਹੀਂ ਸਗੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਵੱਡੇ-ਵੱਡੇ ਨੇਤਾਵਾਂ ਨੂੰ ਵੀ ਸੰਗਰੂਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਲਈ ਹਮੇਸ਼ਾ ਖੜ੍ਹਾ ਹਾਂ ਤੇ ਹਮੇਸ਼ਾਂ ਲੋਕਾਂ ਲਈ ਲੜਾਂਗਾ।