
ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪਟਿਆਲਾ ਵਾਸੀਆਂ ਦੀ ਰੱਖਿਆ ਕਰਦਿਆਂ 12 ਅਪ੍ਰੈਲ ਨੂੰ ਸਬਜ਼ੀ ਮੰਡੀ ਸਨੌਰ ਵਿਖੇ ਤਨਦੇਹੀ ਨਾਲ ਡਿਊਟੀ ਕਰ ਰਹੇ ਏ.ਐਸ
ਪਟਿਆਲਾ, 30 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪਟਿਆਲਾ ਵਾਸੀਆਂ ਦੀ ਰੱਖਿਆ ਕਰਦਿਆਂ 12 ਅਪ੍ਰੈਲ ਨੂੰ ਸਬਜ਼ੀ ਮੰਡੀ ਸਨੌਰ ਵਿਖੇ ਤਨਦੇਹੀ ਨਾਲ ਡਿਊਟੀ ਕਰ ਰਹੇ ਏ.ਐਸ.ਆਈ ਹਰਜੀਤ ਸਿੰਘ ਜਿਸਦਾ ਸ਼ਰਾਰਤੀ ਅਨਸਰਾਂ ਵਲੋਂ ਕਿਰਪਾਨ ਨਾਲ ਵਾਰ ਕਰ ਕੇ ਹੱਥ ਕੱਟ ਦਿਤਾ ਗਿਆ ਸੀ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਉਪਰੰਤ ਅਪਣੇ ਘਰ ਵਾਪਸ ਪੁੱਜ ਗਿਆ।
ਪਟਿਆਲਾ ਪੁਲਿਸ ਵਲੋਂ ਹਰਜੀਤ ਸਿੰਘ ਦੀ ਘਰ ਵਾਪਸੀ ’ਤੇ ਰੈੱਡ ਕਾਰਪੈਟ ਵਿਛਾ ਕੇ, ਪੁਲਿਸ ਬੈਂਡ ਦੀਆਂ ਧੁਨਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸੇ ਹੀ ਦੌਰਾਨ ਮੁਹੱਲਾ ਵਾਸੀਆਂ ਵਲੋਂ ਅਪਣੀਆਂ ਛੱਤਾਂ ਉਪਰ ਖੜ ਕੇ ਹਰਜੀਤ ਸਿੰਘ ਅਤੇ ਪਟਿਆਲਾ ਪੁਲਿਸ ਦੇ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ।
File photo
ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਬਹਾਦਰ ਸਾਥੀ ਵਲੋਂ ਡਿਊਟੀ ਪ੍ਰਤੀ ਦਿਖਾਇਆ ਗਿਆ ਸਮਰਪਣ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਦੀ ਸਿਫ਼ਾਰਸ਼ ’ਤੇ ਡੀ.ਜੀ.ਪੀ ਪੰਜਾਬ ਵਲੋਂ ਹਰਜੀਤ ਸਿੰਘ ਦੇ ਲੜਕੇ ਅਰਸ਼ਪ੍ਰੀਤ ਸਿੰਘ ਨੂੰ ਅੱਜ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਕਰ ਲਿਆ ਗਿਆ ਹੈ।
ਇਸ ਮੌਕੇ ਹਰਜੀਤ ਸਿੰਘ ਦੀ ਪਤਨੀ ਅਤੇ ਪਰਵਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਡੀ.ਜੀ.ਪੀ ਪੰਜਾਬ, ਆਈ.ਜੀ.ਪੀ ਰੇਂਜ ਪਟਿਆਲਾ, ਐਸ.ਐਸ.ਪੀ ਪਟਿਆਲਾ ਅਤੇ ਸਮੁੱਚੀ ਪੰਜਾਬ ਪੁਲਿਸ ਦੇ ਨਾਲ-ਨਾਲ ਪਟਿਆਲਾ ਵਾਸੀਆਂ ਅਤੇ ਸਾਰੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ।
ਹਰਜੀਤ ਸਿੰਘ ਨੂੰ ਪੀ.ਜੀ.ਆਈ ਤੋਂ ਡਿਸਚਾਰਜ ਕਰਵਾਉਣ ਲਈ ਆਪ ਪਹੁੰਚੇ ਡੀ.ਜੀ.ਪੀ.
ਚੰਡੀਗੜ੍ਹ, 30 ਅਪ੍ਰੈਲ (ਤਰੁਣ ਭਜਨੀ) : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਠੀਕ ਹੋਣ ’ਤੇ 18 ਦਿਨ ਬਾਅਦ ਵੀਰਵਾਰ ਪੀਜੀਆਈ ਤੋਂ ਛੁੱਟੀ ਦੇ ਦਿਤੀ ਗਈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਖ਼ੁਦ ਹਰਜੀਤ ਸਿੰਘ ਨੂੰ ਡਿਸਚਾਰਜ ਕਰਵਾਉਣ ਲਈ ਪੁੱਜੇ ਸਨ। ਉਥੇ ਹੀ, ਪੀਜੀਆਈ ਦੇ ਪ੍ਰੋਫ਼ੈਸਰ ਸੁਨੀਲ ਗਾਬਾ ਨੇ ਦਸਿਆ ਕਿ ਹਰਜੀਤ ਹੁਣ ਬਿਲਕੁਲ ਠੀਕ ਹੈ।
ਉਨ੍ਹਾਂ ਦੀ ਉਂਗਲਾਂ ਵੀ ਚਲ ਰਹੀ ਹਨ। ਹੱਥ ਵਿਚ ਖੂਨ ਦਾ ਸੰਚਾਰ ਅਤੇ ਆਕਸੀਜਨ ਸੈਚੁਰੇਸ਼ਨ ਵੀ ਠੀਕ ਹੋ ਗਿਆ ਹੈ। ਅਜਿਹੇ ਵਿਚ ਹੁਣ ਉਨ੍ਹਾਂ ਨੂੰ ਦੋ-ਤਿੰਨ ਦਿਨ ਬਾਅਦ ਜਾਂਚ ਲਈ ਬੁਲਾਇਆ ਗਿਆ ਹੈ। ਹਾਲਾਂਕਿ, ਇਹ ਸਿਲਸਿਲਾ ਹਾਲੇ 2- 3 ਮਹੀਨੇ ਤਕ ਚਲੇਗਾ। ਡਿਸਚਾਰਜ ਹੋਣ ਦੌਰਾਨ ਹਰਜੀਤ ਨੇ ਡਾਕਟਰਾਂ ਦੀ ਟੀਮ ਨੂੰ ਸੈਲਿਊਟ ਕੀਤਾ।