
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ 'ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਕੁੜਮ ਅਤੇ ਕਾਂਗਰਸੀ ...
ਚੰਡੀਗੜ੍ਹ : ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਬੰਬ ਧਮਾਕੇ ਦੀ ਸਾਜ਼ਿਸ਼ 'ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਕੁੜਮ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਕਥਿਤ ਸ਼ਮੂਲੀਅਤ ਦਾ ਮਾਮਲਾ ਅੱਜ ਹਾਈ ਕੋਰਟ ਪੁੱਜਾ। ਗੁਰਜੀਤ ਸਿੰਘ ਪਾਤੜਾਂ ਅਤੇ ਸਾਬਕਾ ਡੇਰਾ ਪ੍ਰੇਮੀ ਤੇ ਸਾਬਕਾ ਪੁਲਿਸ ਮੁਲਾਜਮ ਸੁਖਵਿੰਦਰ ਸਿੰਘ (72) ਵਲੋਂ ਸਾਂਝੇ ਤੌਰ ਉਤੇ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਰਾਹੀਂ ਪਟੀਸ਼ਨ ਦਾਇਰ ਕਰ ਇਕ ਤਾਂ ਉਕਤ ਦੋਹਾਂ ਰਾਮ ਰਹੀਮ ਅਤੇ ਜੱਸੀ ਕੋਲੋਂ ਪੁਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਦੂਜਾ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਜਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਬੰਬ ਧਮਾਕੇ ਚ ਮਾਰੇ ਗਏ ਆਮ ਲੋਕਾਂ (7 ਜਣੇ) ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਿਆ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਬੰਬ ਧਮਾਕੇ ਦੀ ਸਾਜ਼ਿਸ਼ ਡੇਰਾ ਸਿਰਸਾ 'ਚ ਸੌਦਾ ਸਾਧ ਰਾਮ ਰਹੀਮ ਵਲੋਂ ਘੜੀ ਗਈ ਅਤੇ ਇਸ ਦਾ ਮੁੱਖ ਮਨੋਰਥ ਰਾਮ ਰਹੀਮ ਦੇ ਕਰੀਬੀ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨਾ ਸੀ।
Harminder jassi
ਇਸ ਬਾਰੇ ਕਈ ਗਵਾਹ ਅਤੇ ਸਬੂਤ ਵੀ ਮੌਜੂਦ ਹੋਣ ਦਾ ਦਾਅਵਾ ਕਰਦੇ ਹੋਏ ਰਾਜ ਪੁਲਿਸ ਦੀ ਹੁਣ ਤਕ ਦੀ ਜਾਂਚ 'ਚ ਇਨ੍ਹਾਂ ਪਹਿਲੂਆਂ ਨੂੰ ਜਾਣ ਬੁਝ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੋਣ ਦੇ ਦੋਸ਼ ਵੀ ਲਾਏ ਗਏ ਹਨ। ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਇਸ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਕੋਲੋਂ ਹੁਣ ਤਕ ਦੀ ਸਟੇਟਸ ਰੀਪੋਰਟ ਤਲਬ ਕਰ ਲਈ ਹੈ। ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।