ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅੱਜ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ ਵਿਖੇ ਉਹਨਾਂ ਦੇ ਫੁੱਲ ਜਲ ਪ੍ਰਵਾਹ ਕੀਤੇ ਗਏ।
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅੱਜ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ ਵਿਖੇ ਉਹਨਾਂ ਦੇ ਫੁੱਲ ਜਲ ਪ੍ਰਵਾਹ ਕੀਤੇ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਅੱਖਾਂ ਵਿਚੋਂ ਹੰਝੂ ਨਾ ਰੁਕੇ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਹਨਾਂ ਦੇ ਪਤਨੀ ਅੰਮ੍ਰਿਤਾ ਵੜਿੰਗ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੰਦੇ ਦਿਖਾਈ ਦਿੱਤੇ। ਪਿਤਾ ਬਲਕੌਰ ਸਿੰਘ ਨੇ ਕਿਹਾ, 'ਹੁਣ ਕੋਈ ਆਪਣੇ ਪੁੱਤ ਨੂੰ ਪੰਜਾਬ 'ਚ ਮਸ਼ਹੂਰ ਨਾ ਕਰੇ, ਮੇਰੇ ਬੇਟੇ ਨੂੰ ਮਸ਼ਹੂਰੀ ਖਾ ਗਈ, ਅਸੀਂ ਮਿਹਨਤ ਕਰਕੇ ਇੱਥੇ ਪਹੁੰਚੇ ਹਾਂ'।
ਮੂਸੇਵਾਲਾ ਦਾ ਕੱਲ੍ਹ ਉਹਨਾਂ ਦੇ ਖੇਤ ਵਿਚ ਸਸਕਾਰ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਫੁੱਲ ਬੁੱਧਵਾਰ ਸਵੇਰੇ ਚੁਗੇ ਗਏ। ਇਸ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਉਸ ਨੂੰ ਕੱਪੜੇ ਨਾਲ ਬੰਨ੍ਹ ਕੇ ਆਪਣੀ ਛਾਤੀ ਨਾਲ ਲਪੇਟ ਲਿਆ। ਮੂਸੇ ਪਿੰਡ ਤੋਂ ਕੀਰਤਪੁਰ ਸਾਹਿਬ ਤੱਕ ਸਾਰੇ ਰਸਤੇ ਉਹਨਾਂ ਨੇ ਅਸਥੀਆਂ ਨੂੰ ਅਪਣੇ ਸੀਨੇ ਨਾਲ ਲਾ ਕੇ ਰੱਖਿਆ।
ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਘਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਕਰਕੇ ਸ੍ਰੀ ਸਹਿਜ ਪਾਠ ਆਰੰਭ ਕੀਤੇ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ 28 ਸਾਲ ਦੀ ਉਮਰ 'ਚ ਐਤਵਾਰ ਸ਼ਾਮ 5.30 ਵਜੇ ਦੇ ਕਰੀਬ ਹੱਤਿਆ ਕਰ ਦਿੱਤੀ ਗਈ ਸੀ। ਘਰ ਤੋਂ ਕੁਝ ਦੂਰੀ ’ਤੇ ਪਿੰਡ ਜਵਾਹਰਕੇ ’ਚ ਬੋਲੈਰੋ ਤੇ ਕੋਰੋਲਾ ਗੱਡੀ ’ਚ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ।