
ਅਧਿਆਪਨ ਸੇਵਾ ਤੋਂ ਮੁਕਤ ਹੋਏ ਨਿਰਮਲ
ਕਾਲਾਂਵਾਲੀ, 30 ਜੂਨ (ਸੁਰਿੰਦਰ ਪਾਲ ਸਿੰਘ): ਸਰਕਾਰੀ ਮਿਡਲ ਸਕੂਲ ਧਰਮਪੁਰਾ ਦੇ ਪੀਟੀਆਈ ਅਧਿਆਪਕ ਨਿਰਮਲ ਸਿੰਘ ਨੂੰ ਸਕੂਲ ਸਟਾਫ, ਨਗਰ ਪੰਚਾਇਤ ਅਤੇ ਐੱਸ ਐੱਮ ਸੀ ਕਮੇਟੀ ਵੱਲੋਂ ਉਨ੍ਹਾ ਦੀਆਂ 30 ਸਾਲਾਂ ਦੀ ਸਰਕਾਰੀ ਸੇਵਾਵਾਂ ਉਪਰੰਤ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਕੋਵਿਡ ਕਾਲ ਦੇ ਚਲਦੇ ਇਹ ਸਮਾਗਮ ਨੂੰ ਸੰਖੇਪ ਰੱਖਿਆ ਗਿਆ। ਅਧਿਆਪਕ ਜਥੇਬੰਦੀਆਂ ਦੇ ਬੁਲਾਰਿਆਂ ਅਤੇ ਪਿੰਡ ਦੇ ਪੱਤਵੰਤਿਆਂ ਨੇ ਕਿਹਾ ਪੀਟੀਆਈ ਅਧਿਆਪਕ ਨਿਰਮਲ ਸਿੰਘ ਨੇ ਅਧਿਆਪਨ ਦੇ ਨਾਲ ਨਾਲ ਵਿਦਿਆਥੀਆਂ ਨੂੰ ਚੰਗੇ ਖਿਡਾਰੀ ਬਨਾਉਣ ਦੇ ਖੇਤਰ ਵਿਚ ਚੰਗਾ ਨਾਮਣਾ ਖੱਟਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਧਰਮਪੁਰਾ ਦੇ ਮੁਖ ਅਧਿਆਪਕ ਭਿੰਦਰ ਸਿੰਘ ਸੂਰਤੀਆਂ ਦਾ ਕਹਿਣਾ ਸੀ ਕਿ ਅਧਿਆਪਕ ਨਿਰਮਲ ਸਿੰਘ ਨੇ ਜਿਨ੍ਹਾਂ ਸਕੂਲਾਂ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਅੱਜ ਵੀ ਮਾਣ ਸਤਿਕਾਰ ਬਰਕਰਾਰ ਹੈ ਅਤੇ ਉਨ੍ਹਾਂ ਦੇ ਪੜ੍ਹਾਏ ਅਤੇ ਖਿਡਾਏ ਵਿਦਿਆਰਥੀ ਹੁਣ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਸਮੁਚੇ ਸਕੂਲ ਸਟਾਫ ਵਲੋ ਉਨ੍ਹਾਂ ਦਾ ਸੋਨੇ ਦੀ ਮੁੰਦਰੀ ਅਤੇ ਉਨ੍ਹਾਂ ਦੀ ਪਤਨੀ ਬੀਬਾ ਗੁਰਮੇਲ ਕੌਰ ਅਤੇ ਬੇਟੇ-ਬੇਟੀ ਦਾ ਕੀਮਤੀ ਤੋਹਫਿਆਂ ਨਾਲ ਸਨਮਾਨ ਕੀਤਾ ਗਿਆ।
ਪੀਟੀਆਈ ਨਿਰਮਲ ਸਿੰਘ ਨੇ ਆਪਣੀ ਵਿਦਾਇਗੀ ਸਮੇਂ ਸਰਕਾਰੀ ਮਿਡਲ ਸਕੂਲ ਧਰਮਪੁਰਾ ਦੇ ਮਿਡਲ ਅਤੇ ਪ੍ਰਾਈਮਰੀ ਵਿਭਾਗ ਲਈ ਦੋ ਅਲਮਾਰੀਆਂ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੀ ਪਬਲਿਕ ਲਾਇਬਰੇਰੀ ਲਈ ਗਿਆਰਾਂ ਸੌ ਰੂਪੈ ਭੇਟ ਕੀਤੇ। ਪੀਟੀਆਈ ਅਧਿਆਪਕ ਦੀ ਇਸ ਵਿਦਾਈ ਮੌਕੇ ਸਾਬਕਾ ਬਲਾਕ ਸਿਖਿਆ ਅਧਿਕਾਰੀ ਰਾਮ ਸਿੰਘ ਚਹਿਲ, ਪਿੰਡ ਦੇ ਸਰਪੰਚ ਬੀਰ ਸਿੰਘ, ਐਸ ਐਮ ਕਮੇਟੀ ਪ੍ਰਧਾਨ ਘੱਤਰ ਸਿੰਘ ਅਤੇ ਮੰਚ ਸੰਚਾਲਕ ਕੁਲਵਿੰਦਰ ਸਿੰਘ ਸੰਧੂ ਤੋ ਬਿਨਾਂ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਦਾ ਸਮੁੱਚਾ ਸਟਾਫ, ਮਾ: ਨਿਰਮਲ ਸਿੰਘ ਦਾ ਪੁੱਤਰ ਅਮਰਿੰਦਰ ਸਿੰਘ ਅਤੇ ਪੁੱਤਰੀ ਸੁਖਦੀਪ ਕੌਰ ਸਮੇਤ ਦੋਸਤਾਂ ਮਿੱਤਰਾਂ ਅਤੇ ਹੋਰਾਂ ਸਕੂਲਾਂ ਦੇ ਸਟਾਫ ਵਲੋ ਵੀ ਤੋਹਫਿਆਂ ਦਾ ਅਦਾਨ ਪ੍ਰਦਾਨ ਕੀਤਾ ਗਿਆ।