
ਬਦਲੇ ਸਿਆਸੀ ਹਾਲਾਤ ਕਾਰਨ ਮੁੱਖ ਮੰਤਰੀ ਲਈ ਜਾਖੜ ਹੀ ਢੁਕਵਾਂ ਪ੍ਰਧਾਨ
ਚੰਡੀਗੜ੍ਹ (ਐਸ.ਐਸ. ਬਰਾੜ): ਬਦਲੇ ਸਿਆਸੀ ਹਾਲਾਤ ਨੂੰ ਮੁੱਖ ਰਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਨਾ ਪ੍ਰਵਾਨ ਕਰਨ ਲਈ ਮੁਹਿੰਮ ਵਿੱਢੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਤੇ ਕੁੱਝ ਕਾਂਗਰਸੀ ਵਿਧਾਇਕਾਂ ਨੇ ਮਤਾ ਪਾਸ ਕਰ ਕੇ ਕਾਂਗਰਸ ਹਾਈਕਮਾਨ ਨੂੰ ਦਿਤਾ ਹੈ। ਉਸ ਵਿਚ ਮੰਗ ਕੀਤੀ ਗਈ ਹੈ ਕਿ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣੇ ਰਹਿਣ ਦਿਤਾ ਜਾਵੇ। ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਹਲਕੇ ਤੋਂ ਚੋਣ ਹਾਰ ਜਾਣ ਉਪਰੰਤ ਜਾਖੜ ਨੇ ਅਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿਤਾ ਸੀ।
Captain Amarinder Singh & Sunil Jakhar
ਉਨ੍ਹਾਂ ਵਲੋਂ ਅੱਜ ਤਕ ਨਾ ਤਾਂ ਇਹ ਅਸਤੀਫ਼ਾ ਪ੍ਰਵਾਨ ਕੀਤਾ ਗਿਆ ਅਤੇ ਨਾ ਹੀ ਰੱਦ ਕੀਤਾ ਗਿਆ। ਜਾਖੜ ਲਗਭਗ ਦੋ ਮਹੀਨਿਆਂ ਤੋਂ ਪੰਜਾਬ ਤੋਂ ਦੂਰ ਦਿੱਲੀ ਵਿਚ ਹੀ ਟਿਕੇ ਹੋਏ ਹਨ। ਉਨ੍ਹਾਂ ਵਲੋਂ ਪ੍ਰਧਾਨਗੀ ਦਾ ਕੰਮਕਾਜ ਵੀ ਨਹੀਂ ਕੀਤਾ ਜਾ ਰਿਹਾ। ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਦਾ ਸੁਝਾਅ ਦਿਤ ਸੀ ਪ੍ਰੰਤੂ ਜਾਖੜ ਨੇ ਉਨ੍ਹਾਂ ਦੇ ਸੁਝਾਅ ਨੂੰ ਦਰ ਕਿਨਾਰ ਕਰ ਕੇ ਅਸਤੀਫ਼ਾ ਦੇ ਦਿਤਾ। ਕੈਪਟਨ ਅਮਰਿੰਦਰ ਸਿੰਘ ਵੀ ਇਸ ਗੱਲੋਂ ਨਾਰਾਜ਼ ਸਨ ਕਿ ਜਾਖੜ ਨੇ ਉਨ੍ਹਾਂ ਦਾ ਸੁਝਾਅ ਨਾ ਮੰਨ ਕੇ ਅਸਤੀਫ਼ਾ ਦਿਤਾ ਹੈ। ਇਸੇ ਕਾਰਨ ਉਨ੍ਹਾਂ ਨੇ ਅਸਤੀਫ਼ਾ ਨਾਪ੍ਰਵਾਨ ਕਰਨ ਲਈ ਅੱਜ ਤਕ ਹਾਈਕਮਾਨ ਉਪਰ ਕੋਈ ਜ਼ੋਰ ਨਹੀਂ ਸੀ ਪਾਇਆ।
Navjot singh sidhu
ਜਾਖੜ ਚਾਹੁੰਦੇ ਹਨ ਕਿ ਮੁੱਖ ਮੰਤਰੀ ਉਨ੍ਹਾਂ ਦਾ ਅਸਤੀਫ਼ਾ ਰੱਦ ਕਰਨ ਦੀ ਸਿਫ਼ਾਰਸ਼ ਕਰਨ ਕਿਉਂਕਿ ਉਹ ਖ਼ੁਦ ਹੁਣ ਅਪਣਾ ਅਸਤੀਫ਼ਾ ਵਾਪਸ ਨਹੀਂ ਲੈ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬਦਲੇ ਸਿਆਸੀ ਹਾਲਾਤ ਨੂੰ ਮੁੱਖ ਰਖਦਿਆਂ ਹੁਣ ਜਾਖੜ ਨੂੰ ਹੀ ਪ੍ਰਧਾਨ ਬਣਾਈ ਰੱਖਣ ਲਈ ਮਨ ਬਣਾਇਆ ਹੈ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦਾ ਮੰਤਰੀ ਮੰਡਲ ਤੋਂ ਅਸਤੀਫ਼ਾ ਪ੍ਰਵਾਨ ਕਰਨ ਉਪਰੰਤ ਮੁੱਖ ਮੰਤਰੀ ਚਾਹੁੰਦੇ ਹਨ ਕਿ ਜਾਖੜ ਨੂੰ ਹੀ ਪ੍ਰਧਾਨ ਬਣਾਈ ਰਖਿਆ ਜਾਵੇ।
Congress
ਪਹਿਲਾਂ ਕਿਸੇ ਦਲਿਤ ਆਗੂ ਨੂੰ ਪ੍ਰਧਾਨ ਬਣਾਉਣ ਦੀ ਚਰਚਾ ਵੀ ਕਾਂਗਰਸ ਵਿਚ ਚਲੀ ਸੀ। ਪ੍ਰੰਤੂ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਸ ਵਿਚ ਤਾਲਮੇਲ ਬਿਠਾ ਕੇ ਚਲਦੇ ਰਹੇ ਹਨ। ਬੇਸ਼ੱਕ ਇਕ ਦੋ ਵਾਰ ਮਤਭੇਦ ਵੀ ਉਭਰੇ ਸਨ। ਜੇਕਰ ਕਿਸੇ ਹੋਰ ਕੈਪਟਨ ਵਿਰੋਧੀ ਆਗੂ ਨੂੰ ਪ੍ਰਧਾਨ ਬਣਾ ਦਿਤਾ ਜਾਂਦਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਿਚ ਤਾਲਮੇਲ ਠੀਕ ਬੈਠੇ। ਨਵਜੋਤ ਸਿੰਘ ਸਿੱਧੂ ਨਾਲ ਝਗੜੇ ਕਾਰਨ ਵੀ ਹੁਣ ਜਾਖੜ ਹੀ ਢੁਕਵੇਂ ਪ੍ਰਧਾਨ ਹੋ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।