
ਪੰਥ ਦੀਆਂ ਇਤਿਹਾਸਕ ਤੇ ਯਾਦਗਾਰੀ ਨਿਸ਼ਾਨੀਆਂ ਮਿਟਾਉਣ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ : ਮਾਨ
ਹੋਰਨਾਂ ਚੋਣਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਿਉਂ ਨਹੀਂ ਕਰਵਾਈਆਂ?
ਕੋਟਕਪੂਰਾ, 31 ਜੁਲਾਈ (ਗੁਰਿੰਦਰ ਸਿੰਘ): ਜੇਕਰ ਲੋਕ ਸਭਾ, ਵਿਧਾਨ ਸਭਾ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਨਗਰ ਕੌਂਸਲ ਦੀਆਂ ਚੋਣਾ ਸਮੇਂ ਸਿਰ ਅਰਥਾਤ ਪੰਜ ਸਾਲਾਂ ਬਾਅਦ ਹੋ ਸਕਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ? ਬਰਗਾੜੀ ਇਨਸਾਫ਼ ਮੋਰਚੇ ਦੇ 31ਵੇਂ ਦਿਨ 28ਵੇਂ ਜਥੇ ਵਲੋਂ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਵਿਖੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਪੰਥ ਦੀ ਚੜਦੀਕਲਾ ਜਾਂ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਬਾਦਲਾਂ ਤੋਂ ਇਲਾਵਾ ਕੇਂਦਰ ਦੀ ਭਾਜਪਾ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਅਧੀਨ ਹੈ। ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਸਦਿਆਂ ਸ. ਮਾਨ ਨੇ ਆਖਿਆ ਕਿ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਦੀਆਂ ਚੋਣਾਂ ਬਿਨਾਂ ਦੇਰੀ ਕਰਵਾਈਆਂ ਜਾਣ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ’ਤੇ ਹਮਲਾਵਰ ਹੁੰਦਿਆਂ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ 328 ਪਾਵਨ ਸਰੂਪ ਲਾਪਤਾ ਕਰਨ ਦੇ ਦੋਸ਼ ਸ਼੍ਰੋ੍ਰਮਣੀ ਕਮੇਟੀ ’ਤੇ ਲੱਗਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਾਰਸੇਵਾ ਰਾਹੀਂ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ’ਤੇ ਹੋਏ ਜ਼ੁਲਮ ਦੀਆਂ ਨਿਸ਼ਾਨੀਆਂ ਮਿਟਾਉਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਅਕਾਲੀ ਦਲ ਅੰਮ੍ਰਿਤਸਰ ਵਲੋਂ ਕਈ ਥਾਂ ਵਿਰੋਧ ਕਰਕੇ ਇਤਿਹਾਸਿਕ ਨਿਸ਼ਾਨੀਆਂ ਮਿਟਾਉਣ ਤੋਂ ਰੋਕ ਦਿਤਾ ਗਿਆ ਹੈ ਪਰ ਇਹ ਵਰਤਾਰਾ ਸਖ਼ਤੀ ਨਾਲ ਰੋਕਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਜਕਾਰਨੀ ਅਪਣੀ ਮਿਆਦ ਪੁਗਾ ਚੁੱਕੀ ਹੈ ਤਾਂ ਉਸ ਨੂੰ ਅਜਿਹੇ ਫ਼ੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਸ. ਮਾਨ ਨੇ ਦਸਿਆ ਕਿ ਅਕਾਲੀ ਦਲ ਅੰਮ੍ਰਿਤਸਰ ਵਲੋਂ 2 ਅਗੱਸਤ ਦਿਨ ਸੋਮਵਾਰ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਜਦਕਿ 8 ਅਗੱਸਤ ਦਿਨ ਐਤਵਾਰ ਨੂੰ ਬਰਗਾੜੀ ਦੇ ਮੋਰਚੇ ਵਾਲੇ ਸਥਾਨ ਨੇੜੇ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀ ਆਵਾਜਾਈ ਦੋ ਘੰਟਿਆਂ ਲਈ ਠੱਪ ਕਰ ਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਕਰਨੈਲ ਸਿੰਘ ਨਾਰੀਕੇ, ਜਸਕਰਨ ਸਿੰਘ ਕਾਹਨ ਵਾਲਾ, ਕੁਲਦੀਪ ਸਿੰਘ ਭਾਗੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰਪਾਲ ਸਿੰਘ ਸ਼ੁਕਰਚਕੀਆ, ਇਕਬਾਲ ਸਿੰਘ ਬਰੀਵਾਲਾ, ਪਰਮਿੰਦਰ ਸਿੰਘ ਬਾਲਿਆਂਵਾਲੀ ਆਦਿ ਨੇ ਵੀ ਸੰਬੋਧਨ ਕੀਤਾ। ਅੱਜ ਗਿ੍ਰਫ਼ਤਾਰੀ ਦੇਣ ਵਾਲਿਆਂ ਦੇ ਜਥੇ ਵਿਚ ਜਰਨੈਲ ਸਿੰਘ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਅੰÇ੍ਰਮਤਪਾਲ ਸਿੰਘ, ਜਗਦੇਵ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਨਿਰਭੈ ਸਿੰਘ ਆਦਿ 10 ਸਿੰਘ ਸ਼ਾਮਲ ਸਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-31-10ਜੇ
ਕੈਪਸ਼ਨ : ਇਨਸਾਫ ਮੋਰਚੇ ਲਈ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਨਾਹਰੇਬਾਜ਼ੀ ਕਰਦੇ ਹੋਏ 10 ਸਿੰਘ ਤੇ ਹੋਰ। (ਗੋਲਡਨ)