
'ਕਦੇ ਰਾਜ ਘਰਾਣੇ ਦੇ ਸ਼ੂਅ ਮੇਕਰ ਅੱਜ ਗੁਮਨਾਮ ਕਿਉਂ'
ਕਿਸੇ ਸਮੇਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਖੇਡ ਵਿਚ ਪਛਾੜਨ ਵਾਲੇ ਮੁਰਲੀ ਦੀਆਂ ਅੱਖਾਂ ਵਿਚ ਅਥਰੂ ਕਿਉਂ?
ਪਟਿਆਲਾ, 31 ਜੁਲਾਈ (ਅਵਤਾਰ ਸਿੰਘ ਗਿੱਲ) : ਸ਼ਾਹੀ ਸ਼ਹਿਰ ਪਟਿਆਲਾ ਜੋ ਕਿ ਪੂਰੇ ਵਿਸ਼ਵ ਵਿਚ ਅਪਣੀ ਇਕ ਵਿਲੱਖਣ ਪਹਿਚਾਣ ਰਖਦਾ ਹੈ, ਕਿਉਂਕਿ ਪਟਿਆਲਾ ਦੀਆਂ ਮਸ਼ਹੂਰ ਪੰਜਾਬੀ ਜੁੱਤੀਆਂ ਦੀ ਗੱਲ ਕਰ ਲਈਏ ਜਾਂ ਪਟਿਆਲਾ ਸ਼ਾਹੀ ਪੱਗ, ਪਟਿਆਲਾ ਸ਼ਾਹੀ ਸਲਵਾਰ, ਪਟਿਆਲਾ ਦੀ ਫੁਲਕਾਰੀ ਅਤੇ ਰਾਜਸੀ ਠਾਠ ਦਾ ਪ੍ਰਤੀਕ ਪਟਿਆਲਾ ਪੈਗ ਜੋ ਕਿ ਅਕਸਰ ਗੋਰੇ ਵੀ ਪਟਿਆਲਾ ਪੈੱਗ ਦੀ ਗੱਲ ਕਰਦੇ ਤੁਸੀਂ ਅਕਸਰ ਸੁਣੇ ਹੋਣਗੇ |
ਹੁਣ ਪਟਿਆਲਾ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਵਾਲੇ ਕੁੱਝ ਕਲਾਕਾਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਹੱਥ ਵਿਚ ਰੱਬ ਨੇ ਅਜਿਹੀਆਂ ਵਿਲੱਖਣ ਕਲਾਵਾਂ ਬਖ਼ਸ਼ੀਆਂ ਹਨ, ਜਿਨ੍ਹਾਂ ਨੇ ਪਟਿਆਲਾ ਨੂੰ ਗਲੋਬਲ ਪੱਧਰ 'ਤੇ ਪ੍ਰਸਿੱਧੀ ਦਵਾਈ ਪਰ ਇਨ੍ਹਾਂ ਕਲਾਕਾਰਾਂ ਦਾ ਅੱਜ ਹਾਲ ਕੀ ਹੈ, ਬਿਆਨ ਕੀਤਾ ਜਾਣਾ ਮੁਸ਼ਕਲ ਹੈ | ਪਟਿਆਲਾ ਦੀ ਸੱਭ ਤੋਂ ਮਸ਼ਹੂਰ ਪਟਿਆਲਾ ਜੁੱਤੀ ਪਰ ਇਸ ਖ਼ਿੱਤੇ ਵਿਚ ਅਪਣੀ ਬੇਹਤਰੀਨ ਤੇ ਅਦਭੁੱਤ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਗੁਰੂ ਦੱਤ (ਮੁਰਲੀ) ਦੀਆਂ ਅੱਖਾਂ ਨਮ ਕਿਉਂ ਹਨ | ਵਿਖਾਉਂਦੇ ਹਾਂ ਤੁਹਾਨੂੰ ਇਕ ਅਜਿਹੀ ਤਸਵੀਰ ਜਿਸ ਵਿਚ ਇਕ ਹੀਰਾ ਜੋ ਮਿੱਟੀ ਵਿਚ ਰੋਲ ਦਿਤਾ ਗਿਆ ਨਾ ਕੋਈ ਸਨਮਾਨ ਮਿਲਿਆ ਨਾ ਮਾਣ ਅਤੇ ਨਾ ਹੀ ਕੋਈ ਸਤਿਕਾਰ | ਅੱਜ ਗੁਰੂ ਦੱਤ ਗ਼ੁਰਬਤ ਦੀ ਜ਼ਿੰਦਗੀ ਜੀਅ ਰਿਹਾ ਹੈ | ਅੱਖਾਂ ਨਮ ਨੇ ਦਿਲ ਭਰਿਆ ਹੈ ਜੋ ਅੱਖਾਂ
ਰਾਹੀਂ ਉਛਲ-ਉਛਲ ਕੇ ਨੀਰ ਬਣ ਬਾਹਰ ਆਉਂਦਾ ਸਾਫ਼ ਨਜ਼ਰ ਆਉਂਦਾ ਹੈ | ''ਮੁਰਲੀ ਨਾਂ ਕਿਉਂ ਪਿਆ, ਇਸ ਦੇ ਪਿੱਛੇ ਵੀ ਇਕ ਵੱਡੀ ਕਹਾਣੀ ਹੈ'' |
ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜੇ ਕਿਸੇ ਅਜੂਬੇ ਵਰਗੀ ਕਲਾਕਾਰੀ ਪੇਸ਼ ਕਰਨ ਵਾਲੇ ਇਨਸਾਨ ਦੇ ਅੱਖਾਂ ਵਿਚ ਅਥਰੂ ਹੋਣ ਤਾਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਅਪਣੀ ਹੋਈ ਬੇਕਦਰੀ ਨੂੰ ਲੈ ਕੇ ਕਿੰਨਾ ਟੁੱਟ ਚੁੱਕਾ ਹੈ | ਰੱਬ ਗਿਣੇ ਚੁਣੇ ਲੋਕਾਂ ਨੂੰ ਕਲਾ ਬਖਸ਼ਦਾ ਹੈ ਪਰ ਉਨ੍ਹਾਂ 'ਤੇ ਅਜਿਹੀ ਰਹਿਮਤ ਹੁੰਦੀ ਹੈ ਕਿ ਮਿੱਟੀ ਨੂੰ ਤਰਾਸ਼ਣ ਬੈਠਣ ਤਾਂ ਮਿੱਟੀ ਸੋਨਾ ਬਣ ਜਾਵੇ ਪਰ ਜੇਕਰ ਅਜਿਹੇ ਹੀ ਮਿੱਟੀ ਨੂੰ ਸੋਨਾ ਕਰਨ ਵਾਲੇ ਕਲਾਕਾਰ ਦੀ ਜ਼ਿੰਦਗੀ ਗੁਮਨਾਮੀ ਵਿਚ ਗੁਜ਼ਰ ਰਹੀ ਹੋਵੇ ਤਾਂ ਉਸ ਦਾ ਦਰਦ ਤੁਸੀਂ ਖ਼ੁਦ ਵੀ ਮਹਿਸੂਸ ਕਰ ਸਕੋਗੇ, ਕਿਉਂਕਿ ਅੱਜ ਇਸ ਕਲਾਕਾਰ ਦੇ ਘਰ ਰੋਟੀ ਦੇ ਵੀ ਲਾਲ੍ਹੇ ਨੇ, ਕੰਮ ਹੈ ਨਹੀਂ ਅਤੇ ਇਕ ਹੀਰੇ ਵਰਗਾ ਕਲਾਕਾਰ ਬਿਖਰ ਚੁੱਕਾ ਹੈ |
ਅੱਜ ਮਿਲਵਾਉਂਦੇ ਹਾਂ ਤੁਹਾਨੂੰ ਪਟਿਆਲਾ ਘਰਾਣੇ ਦੇ ਕਿਸੇ ਸਮੇਂ ''ਸ਼ੂਅ ਮਾਸਟਰ'' ਰਹੇ ਪਰਵਾਰ ਦੇ ਰੋਸ਼ਨ ਚਿਰਾਗ ਗੁਰੂ ਦੱਤ ਉਰਫ਼ ''ਮੁਰਲੀ ਧਰਨ'' ਨਾਲ ਜਿਸ ਦੀਆਂ ਅੱਖਾਂ ਵਿਚ ਹੰਝੂ ਨੇ ਪਰ ਪੱਲ੍ਹੇ ਕੁੱਝ ਨਹੀਂ |
ਸੱਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਗੁਰੂ ਦੱਤ ਮੁਰਲੀ ਧਰਨ ਕਿਵੇਂ ਬਣਿਆ, ਕਿਸ ਨੇ ਇਸ ਦਾ ਨਾਮ ਮੁਰਲੀ ਰਖਿਆ |
ਗੁਰੂ ਦੱਤ ਕਿਸੇ ਸਮੇਂ ਜਵਾਨੀ ਪਹਿਰੇ ਪਟਿਆਲਾ ਦੇ ਮਸ਼ਹੂਰ ਮਹਾਰਾਣੀ ਕਲੱਬ ਦੇ ਕ੍ਰਿਕਟ ਸਟੇਡੀਅਮ ਵਿਚ ਖੇਡਦਾ ਉਭਰਦਾ ਸਿਤਾਰਾ ਸੀ, ਜੋ ਕਿ ਉਸ ਸਮੇਂ ਉਭਰ ਰਹੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਖੇਡਦਾ ਸੀ ਅਤੇ ਗੁਰੂ ਦੱਤ ਦਸਦੇ ਹਨ ਕਿ ਸੱਭ ਤੋਂ ਤੇਜ਼ ਦੌੜਾਕ ਨਵਜੋਤ ਸਿੰਘ ਸਿੱਧੂ ਸਨ, ਜਿਨ੍ਹਾਂ ਨੂੰ ਗੁਰੂ ਦੱਤ ਕਈ ਵਾਰ ਪਛਾੜ ਦਿੰਦੇ ਸੀ, ਜਿਸ ਤੋਂ ਬਾਅਦ ਮੌਜੂਦਾ ਕਾਂਗਰਸ ਪ੍ਰਧਾਨ ਅਤੇ ਉਘੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਗੁਰੂ ਦੱਤ ਨੂੰ ਕਿਹਾ ਕਿ ''ਯਾਰ ਤੰੂ ਤਾਂ ਮੁਰਲੀ ਧਰਨ ਵਾਂਗ ਹਵਾ ਨਾਲ ਗੱਲਾਂ ਕਰਦਾ ਹੈ'', ਉਦੋਂ ਹੀ ਗੁਰੂ ਦੱਤ ਕਦੋਂ ਗੁਰੂ ਦੱਤ ਤੋਂ ਮੁਰਲੀ ਹੋ ਗਿਆ, ਉਸ ਨੂੰ ਖ਼ੁਦ ਵੀ ਪਤਾ ਨਹੀਂ ਲੱਗਾ ਹਰ ਕੋਈ ਉਸ ਨੂੰ ਮੁਰਲੀ ਦੇ ਨਾਮ ਨਾਲ ਬੁਲਾਉਣ ਲੱਗਾ |
ਕਿਸੇ ਸਮੇਂ ਮੁਰਲੀ ਦੇ ਖਾਸਮ-ਖਾਸ ਮਿੱਤਰ ਰਹੇ ਨਵਜੋਤ ਸਿੰਘ ਸਿੱਧੂ ਅੱਜ ਸ਼ਾਇਦ ਮੁਰਲੀ ਨੂੰ ਮੰਨੋ ਵਿਸਾਰ ਚੁੱਕੇ ਹਨ
ਸਾਡੇ ਸਵਾਲ ਕਰਨ 'ਤੇ ਮੁਰਲੀ ਨੇ ਨਮ ਅੱਖਾਂ ਨਾਲ ਦਸਿਆ ਕਿ ਸਾਲਾਂ ਬੀਤ ਗਏ ਪਰ ਕਦੇ ਅਪਣਾ ਖਾਸ ਮੰਨਣ ਵਾਲੇ ਨਵਜੋਤ ਸਿੰਘ ਸਿੱਧੂ ਅੱਜ ਉਸ ਦੇ ਘਰ ਦਾ ਰਾਹ ਭੁੱਲ ਚੁੱਕੇ ਹਨ, ਕਿਉਂਕਿ ਕਰੀਬਨ 14 ਸਾਲਾਂ ਤੋਂ ਕਦੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਘਰ ਦਾ ਰੁੱਖ ਨਹੀਂ ਕੀਤਾ ਜੋ ਕਦੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਪਛਾੜਨ ਵਾਲੇ ਮੁਰਲੀ ਨੂੰ ਅਕਸਰ ਮਿਲਣ ਜਾਇਆ ਕਰਦੇ ਸੀ | ਉਥੇ ਹੀ ਮੁਰਲੀ ਨੇ ਦਸਿਆ ਕਿ ਉਨ੍ਹਾਂ ਕਈ ਵਾਰ ਆਪ ਜਾ ਕੇ ਸ਼ੈਰੀ (ਨਵਜੋਤ ਸਿੰਘ ਸਿੱਧੂ) ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਕੁੱਝ ਅੱਗੇ ਰੱਖੇ ਬੰਦੇ ਅਤੇ ਗੰਨਮੈਨਾਂ ਨੇ ਕਦੇ ਉਸ ਨੂੰ ਸਿੱਧੂ ਤਕ ਪਹੁੰਚਣ ਹੀ ਨਹੀਂ ਦਿਤਾ ਕਿ ਜਿਵੇਂ ਮੁਰਲੀ ਕੋਈ ਆਮ ਗ਼ਰੀਬ ਮੰਗਤਾ ਕਿਸਮ ਦਾ ਇਨਸਾਨ ਹੈ ਜੋ ਸ਼ਾਇਦ ਨਵਜੋਤ ਸਿੰਘ ਸਿੱਧੂ ਤੋਂ ਕੁੱਝ ਮੰਗਣ ਹੀ ਆਇਆ ਹੈ ਪਰ ਵੱਡੇ ਦਿਲ ਵਾਲੇ ਮੁਰਲੀ ਨੇ ਕਿਹਾ ਕਿ ਉਹ ਬੇਸ਼ੱਕ ਚਟਣੀ ਨਾਲ ਰੋਟੀ ਖਾਂਦਾ ਹੈ ਪਰ ਉਸ ਦਾ ਦਿਲ ਬਹੁਤ ਵੱਡਾ ਹੈ | ਉਸ ਨੂੰ ਕਾਂਗਰਸ ਪ੍ਰਧਾਨ ਸਿੱਧੂ ਤੋਂ ਕੋਈ ਮਦਦ ਨਹੀਂ ਚਾਹੀਦੀ, ਉਹ ਤਾਂ ਮਹਿਜ ਦੋਸਤੀ ਖ਼ਾਤਰ ਉਨ੍ਹਾਂ ਨੂੰ ਮਿਲ ਕੇ ਵਧਾਈ ਦੇਣਾ ਚਾਹੁੰਦਾ ਸੀ ਜੋ ਕਿ ਇਨ੍ਹਾਂ ਕੁੱਝ ਥੱਲੇ ਵਾਲੇ ਲੋਕਾਂ ਦੇ ਕਾਰਨ ਨਹੀਂ ਹੋ ਸਕਿਆ |
ਸਾਡੇ ਵਲੋਂ ਸਵਾਲ ਪੁੱਛਣ 'ਤੇ ਕਿ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਰਹਿੰਦੇ ਹੋਏ ਕਦੇ ਤੁਹਾਨੂੰ ਕੋਈ ਇਸ ਕਲਾ ਲਈ ਸਨਮਾਨ ਮਿਲਿਆ?
ਮੁਰਲੀ ਨੇ ਦਸਿਆ ਕਿ ਨਹੀਂ, ਉਹ ਸ੍ਰੀਮਤੀ ਪ੍ਰਨੀਤ ਕੌਰ ਨਾਲ ਵੀ ਮਹਿਲ ਵਿਚ ਜਾ ਕੇ ਮਿਲਿਆ ਅਤੇ ਅਪਣੀ ਕਲਾ ਦਾ ਨਮੂਨਾ ਵਿਖਾਇਆ ਤਾਂ ਪ੍ਰਨੀਤ ਕੌਰ ਦੰਗ ਰਹਿ ਗਏ ਅਤੇ ਮੁਰਲੀ ਨੂੰ ਜਾਦੂਗਰ ਦਾ ਨਾਮ ਦਿਤਾ ਪਰ ਜਦੋਂ ਮੁਰਲੀ ਨੇ ਕਿਹਾ ਕਿ ਉਹ ਕਿਰਪਾ ਕਰ ਕੇ ਉਸ ਦੀ ਕਲਾ ਲਿਮਕਾ ਬੁੱਕ ਆਫ਼ ਰੀਕਾਰਡ ਨੂੰ ਭਿਜਵਾਉਣ ਦਾ ਉੋਪਰਾਲਾ ਕਰਨ ਤਾਂ ਉਨ੍ਹਾਂ ਕਿਹਾ ਕਿ ਮੇਰੇ ਪੀਏ ਨੂੰ ਮਿਲ ਲਉ | ਅੱਗੇ ਪੀਏ ਦਾ ਜਵਾਬ ਸੀ ਕਿ ਤੁਸੀਂ ਲਿਮਕਾ ਬੁੱਕ ਆਫ਼ ਰੀਕਾਰਡ ਦਾ ਪਤਾ ਸਾਨੂੰ ਲਿਆ ਕੇ ਦਿਉ | ਮੁਰਲੀ ਕਹਿੰਦਾ ਹੈ ਕਿ ਜੇਕਰ ਉਸ ਨੂੰ ਇੰਨਾ ਹੀ ਪਤਾ ਹੁੰਦਾ ਹੈ ਤਾਂ ਉਹ ਖ਼ੁਦ ਹੀ ਇਹ ਕੰਮ ਅਪਣੇ ਹੱਥੀ ਨਾ ਕਰ ਲੈਂਦਾ, ਉਥੇ ਹੀ ਪ੍ਰਸ਼ਾਸਨ ਦੀ ਮਦਦ ਬਾਰੇ ਮੁਰਲੀ ਦਸਦਾ ਹੈ ਕਿ ਕਿਸੇ ਸਮੇਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਹੇ ਜਸਬੀਰ ਸਿੰਘ ਬੀਰ ਦੁਆਰਾ ਉਨ੍ਹਾਂ ਨੂੰ ਦਿਤੇ 500 ਰੁਪਏ ਤੋਂ ਬਿਨਾਂ ਅੱਜ ਤਕ ਨਾ ਕੋਈ ਮਾਣ ਮਿਲਿਆ ਨਾ ਸਨਮਾਨ | ਅੱਜ ਮੁਰਲੀ ਬੇਹੱਦ ਗੁਰਬੱਤ ਅਤੇ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਮਨ ਵਿਚ ਇਕ ਰੰਜ ਜ਼ਰੂਰ ਹੈ ਕਿ 22 ਸਾਲਾ ਦੇ ਕਲਾ ਕਮਾਈ ਦਾ ਕੋਈ ਮੁੱਲ ਨਹੀਂ ਪਾਇਆ ਗਿਆ, ਜਦੋਂ ਕਿ ਨਾਰਥ ਜ਼ੋਨ ਕਲਚਰ ਸੈਂਟਰ ਵਲੋਂ ਮੁਰਲੀ ਤੋਂ ਇਹ ਸਾਰੀਆਂ ਕਲਾਵਾਂ ਅਤੇ ਬਣਾਈਆਂ ਮਹੀਨ ਤੋਂ ਮਹੀਨ ਜੁੱਤੀਆਂ ਕਲਚਰ ਸੈਂਟਰ ਵਿਚ ਰੱਖਣ ਲਈ ਮੰਗ ਉਸ ਦੇ ਅੱਗੇ ਰੱਖ ਦਿਤੀ ਗਈ, ਜਿਸ 'ਤੇ ਮੁਰਲੀ ਨੇ ਉਸ ਦੀ ਕਲਾ ਦੀ ਕੀਤੀ ਬੇਕਦਰੀ ਨੂੰ ਮੁੱਖ ਰਖਦਿਆਂ ਅਪਣੀ 22 ਸਾਲਾਂ ਦੀ ਕਲਾ ਕਮਾਈ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ |
ਕਦੇ ਰਾਜ ਘਰਾਣੇ ਦੇ ਲੋਕ ਆ ਕੇ ਮੁਰਲੀ ਦੇ ਪਿਤਾ ਨੂੰ ਕਹਿੰਦੇ ਹੁੰਦੇ ਸੀ ਕਿ ਮਾਸਟਰ ਸਾਨੂੰ ਰੈਬਿਟ ਸ਼ੂਅਜ਼ ਬਣਾ ਦੇ ਪਰ ਅੱਜ ਉਹੀ ਰਾਜ ਘਰਾਣਾ ਵੱਟ ਗਿਐ ਪਾਸਾ
ਮੁਰਲੀ ਦੇ ਪੁਰਖੇ ਰਾਜ ਪਰਵਾਰ ਦੇ ਜੁੱਤੇ ਬਣਾਉਂਦੇ ਸਨ, ਜਿਥੇ ਅਕਸਰ ਉਨ੍ਹਾਂ ਦੇ ਤਵੱਕਲੀ ਮੋੜ ਘਰ ਅੱਗੇ ਕਦੇ ਰਾਜਾ ਸ਼ਾਹੀ ਬੱਘੀਆਂ ਕਦੇ ਇੰਗਲੀਸ਼ ਕਾਰਾਂ ਆ ਕੇ ਖੜਦੀਆਂ ਸਨ ਅਤੇ ਰਾਜ ਪਰਵਾਰ ਦੇ ਲੋਕ ਅਕਸਰ ਉਸ ਨੂੰ ਵਿਲੱਖਣ ਤੋਂ ਵਿਲੱਖਣ ਜੁੱਤੇ ਬਣਾਏ ਜਾਣ ਦੀ ਮੰਗ ਕਰਦੇ ਸਨ ਅਤੇ ਜੁੱਤੇ ਬਣਦੇ ਵੀ ਸਨ | ਕਦੇ ਮਾਸਟਰ ਅਖਵਾਏ ਜਾਣ ਵਾਲੇ ਮੁਰਲੀ ਦੇ ਪਿਤਾ ਅਤੇ ਦਾਦੇ ਦਾ ਪੋਤਾ ਅੱਜ ਗੁੰਮਨਾਮ ਹੈ, ਕਿਉਂਕਿ ਉਸ ਦੀ ਕਲਾ ਦੀ ਨਾ ਕਦਰ ਹੋਈ ਨਾ ਹੀ ਪੁਰਖਿਆਂ ਦੀ ਕੀਤੀ ਸੇਵਾ ਦਾ ਕੋਈ ਫਲ ਮਿਲਿਆ | ਅੱਜ ਵੀ ਗੁਰੂ ਦੱਤ ਮੁਰਲੀ ਦੀਆਂ ਅੱਖਾਂ ਭਰ ਆਉਂਦੀਆਂ ਹਨ, ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ |
ਫੋਟੋ ਨੰ: 31 ਪੀਏਟੀ 1
ਮੁਰਲੀ ਦੱਤ ਦੇ ਪਿਤਾ ਵੱਲੋਂ ਰਾਜ ਘਰਾਣਿਆ ਲਈ ਕਿਸੇ ਸਮੇਂ ਬਣਾਇਆ 70 ਸਾਲ ਪੁਰਾਣਾ ਰੈਬਿਟ ਸ਼ੂਅ ਦਿਖਾਉਂਦੇ ਹੋਏ ਨਾਲ ਚੌਲ ਦੇ ਦਾਣੇ ਤੋਂ ਮਹੀਨ ਜੁੱਤੀ ਤੋਂ ਅਲੱਗ ਹੋਰ ਛੋਟੀਆਂ ਜੁੱਟੀਆਂ ਅਤੇ ਧਰਮਿੰਦਰ ਦਿਓਲ ਲਈ ਬਣਾਏ ਸਪੈਸ਼ਲ ਸ਼ੂਜ਼ ਦੀ ਤਸਵੀਰ | ਫੋਟੋ : ਅਜੇ