
ਸੁਪਰੀਮ ਕੋਰਟ ’ਚ ਬਣਿਆ ਇਤਿਹਾਸ
ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਮਹਿਲਾ ਜੱਜ ਵੀ ਸ਼ਾਮਲ
ਨਵੀਂ ਦਿੱਲੀ, 31 ਅਗੱਸਤ : ਸੁਪਰੀਮ ਕੋਰਟ ਵਿਚ ਮੰਗਲਵਾਰ ਨੂੰ 9 ਜੱਜਾਂ ਨੇ ਇਕੱਠਿਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ 9 ਜੱਜਾਂ ਨੇ ਇਕੋ ਸਮੇਂ ਸਹੁੰ ਚੁੱਕੀ ਹੋਵੇ। ਇਹਨਾਂ ਵਿਚੋਂ 3 ਮਹਿਲਾ ਜੱਜ ਵੀ ਹਨ। ਮਹਿਲਾ ਜੱਜਾਂ ਵਿਚੋਂ ਇਕ ਜਸਟਿਸ ਬੀ.ਵੀ. ਨਾਗਰਤਨਾ ਵੀ ਹੈ, ਜੋ 2027 ਵਿਚ ਦੇਸ਼ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣ ਸਕਦੀ ਹੈ।
ਇਸ ਤੋਂ ਇਲਾਵਾ ਜਸਟਿਸ ਪੀਏ ਨਰਸਿਮਹਾ ਵੀ ਹਨ, ਜੋ ਬਾਰ ਤੋਂ ਸਿੱਧੇ ਸੁਪਰੀਮ ਕੋਰਟ ਵਿਚ ਨਿਯੁਕਤ ਹੋਏ ਹਨ। ਉਹ ਵੀ 2028 ਵਿਚ ਚੀਫ਼ ਜਸਟਿਸ ਬਣ ਸਕਦੇ ਹਨ। ਚੀਫ਼ ਜਸਟਿਸ ਦੇ ਕੋਰਟ ਰੂਮ ਵਿਚ ਹੋਣ ਵਾਲਾ ਇਹ ਪ੍ਰੋਗਰਾਮ ਵੱਖਰਾ ਸੀ। ਨਵੇਂ ਜੱਜਾਂ ਦਾ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਨਵੇਂ ਭਵਨ ਵਿਚ ਬਣੇ ਆਡੀਟੋਰੀਅਮ ਵਿਚ ਹੋਇਆ। ਇਸ ਵਿਚ 900 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਜੱਜਾਂ ਦੇ ਸਹੁੰ ਚੁੱਕ ਸਮਾਗਮ ਦਾ ਦੂਰਦਰਸ਼ਨ ਉੱਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਸੁਪਰੀਮ ਕੋਰਟ ਵਿਚ ਕਰੀਬ ਦੋ ਸਾਲਾਂ ਬਾਅਦ ਹੋਈਆਂ ਨਵੀਆਂ ਨਿਯੁਕਤੀਆਂ ਤੋਂ ਬਾਅਦ ਜੱਜਾਂ ਦੀਆਂ ਕੁਲ 34 ਅਸਾਮੀਆਂ ਵਿਚੋਂ 33 ਭਰ ਗਈਆਂ ਹਨ।
ਸਹੁੰ ਚੁੱਕਣ ਵਾਲੇ ਜੱਜਾਂ ’ਚ ਜੱਜ ਏ.ਐੱਸ. ਓਕਾ, ਵਿਕਰਮ ਨਾਥ, ਜੇ.ਕੇ. ਮਾਹੇਸ਼ਵਰੀ, ਹੀਮਾ ਕੋਹਲੀ ਸ਼ਾਮਲ ਹਨ। ਜੱਜ ਬੀ.ਵੀ. ਨਾਗਰਤਨਾ, ਸੀ.ਟੀ. ਰਵੀਕੁਮਾਰ, ਐਮ.ਐਮ. ਸੁੰਦਰੇਸ਼, ਬੇਲਾ ਐਮ. ਤਿ੍ਰਵੇਦੀ, ਪੀ.ਐਸ. ਨਰਸਿਮਹਾ ਨੂੰ ਵੀ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ ਗਈ। (ਏਜੰਸੀ)