
ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਚਾਰਜਸ਼ੀਟ ਇਹ ਖ਼ੁਲਾਸਾ ਹੋਇਆ ਹੈ।
ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਛੇ ਵਿਚੋਂ ਚਾਰ ਸ਼ੂਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਤੋਂ ਕਰੀਬ 10 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਇਕ ਖੇਤ ਵਿਚ ਲੁਕੇ ਹੋਏ ਸਨ ਪਰ ਪੁਲਿਸ ਦੀ ਢਿੱਲ ਕਾਰਨ ਸ਼ੂਟਰ ਅਸਾਨੀ ਨਾਲ ਫਰਾਰ ਹੋ ਗਏ। ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਚਾਰਜਸ਼ੀਟ ਇਹ ਖ਼ੁਲਾਸਾ ਹੋਇਆ ਹੈ।
ਜੇਕਰ ਪੁਲਿਸ ਤੇਜ਼ੀ ਨਾਲ ਕਾਰਵਾਈ ਕਰਦੀ ਤਾਂ 29 ਮਈ ਦੀ ਦੇਰ ਸ਼ਾਮ ਨੂੰ ਹੀ ਕਤਲ ਦੇ ਕੁਝ ਘੰਟਿਆਂ ਵਿਚ ਕੇਸ ਨੂੰ ਹੱਲ ਕੀਤਾ ਜਾ ਸਕਦਾ ਸੀ। ਦਿੱਲੀ ਪੁਲਿਸ ਨੇ ਬਾਅਦ ਵਿਚ ਕੁਝ ਸ਼ੂਟਰਾਂ ਦੀ ਪਛਾਣ ਦਾ ਐਲਾਨ ਕੀਤਾ ਅਤੇ ਉਹਨਾਂ ਵਿਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੀਲ ਨਹੀਂ ਕਰ ਸਕੀ ਅਤੇ ਭਗੌੜੇ ਸ਼ੂਟਰਾਂ ਨੂੰ ਫੜਨ ਲਈ ਨਾਕੇ ਨਹੀਂ ਲਗਾ ਸਕੀ।
ਸਭ ਤੋਂ ਵੱਧ ਫੋਰਸ ਮਾਨਸਾ ਦੇ ਸਿਵਲ ਹਸਪਤਾਲ ਲੈ ਕੇ ਜਾਣੀ ਪਈ, ਜਿੱਥੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਕੁਝ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਦੀ ਸੂਚਨਾ 'ਤੇ ਪੁਲਿਸ ਟੀਮਾਂ ਵੀ ਖਿਆਲਾ ਪਿੰਡ ਭੇਜੀਆਂ ਗਈਆਂ ਸਨ। ਹਾਲਾਂਕਿ ਜਦੋਂ ਤੱਕ ਪੁਲਿਸ ਇੱਥੇ ਪਹੁੰਚੀ ਤਾਂ ਸ਼ੂਟਰ ਫਰਾਰ ਹੋ ਚੁੱਕੇ ਸਨ।