
ਪੰਜਾਬ ਸਰਕਾਰ ਨੇ ਲਿਆਂਦਾ ਨੌਕਰੀਆਂ ਦਾ ਹੜ੍ਹ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ 'ਘਰ ਘਰ ਰੁਜ਼ਗਾਰ ਸਕੀਮ' ਅਧੀਨ 5ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ 1,16,438 ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਇਸ ਮੈਗਾ ਰੁਜ਼ਗਾਰ ਮੇਲੇ ਦੌਰਾਨ ਸਰਕਾਰ ਵਲੋਂ 40,688 ਨੌਜਵਾਨਾਂ ਦੀ ਸਵੈ-ਰੁਜ਼ਗਾਰ ਅਤੇ 9016 ਨੌਜਵਾਨਾਂ ਦੀ ਹੁਨਰ ਸਿਖਲਾਈ ਲਈ ਚੋਣ ਕੀਤੀ ਗਈ ਹੈ। ਮੁੱਖ ਮੰਤਰੀ ਨੇ 9 ਸਤੰਬਰ ਤੋਂ ਸ਼ੁਰੂ ਹੋਏ ਇਸ ਰੁਜ਼ਗਾਰ ਮੇਲੇ ਨੂੰ ਸਫ਼ਲ ਬਣਾਉਣ ਲਈ ਰੁਜ਼ਗਾਰ ਉੱਤਪਤੀ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ।
Ghar Ghar Rozgar Schemeਸਰਕਾਰੀ ਬੁਲਾਰੇ ਨੇ ਦਸਿਆ ਕਿ ਸੂਬੇ ਭਰ ਵਿਚ 100 ਤੋਂ ਵੱਧ ਥਾਵਾਂ 'ਤੇ ਆਯੋਜਿਤ ਕੀਤੇ ਇਸ ਰੁਜ਼ਗਾਰ ਮੇਲੇ ਦੌਰਾਨ ਪ੍ਰਾਈਵੇਟ ਸੈਕਟਰ ਵਿਚ ਨੌਕਰੀਆਂ ਲਈ 176,967 ਬਿਨੈਕਾਰਾਂ ਦਾ ਇੰਟਰਵਿਊ ਲਿਆ ਗਿਆ, ਜਿਸ ਵਿਚ 10 ਲੱਖ ਰੁਪਏ ਸਲਾਨਾ ਤੱਕ ਦੇ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਚੁਣੇ ਗਏ ਉਮੀਦਵਾਰਾਂ ਵਿਚੋਂ ਮੋਹਾਲੀ ਤੋਂ 13369 ਉਮੀਦਵਾਰ, ਜਲੰਧਰ ਤੋਂ 10445, ਪਟਿਆਲਾ ਤੋਂ 9511, ਲੁਧਿਆਣਾ ਤੋਂ 7450 ਅਤੇ ਸੰਗਰੂਰ ਤੋਂ 6951 ਉਮੀਦਵਾਰ ਚੁਣੇ ਗਏ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ 4786, ਅਮ੍ਰਿਤਸਰ ਤੋਂ 4727, ਬਠਿੰਡਾ ਅਤੇ ਮਾਨਸਾ ਦੇ ਕ੍ਰਮਵਾਰ 4709 ਅਤੇ 4706 ਉਮੀਦਵਾਰਾਂ ਦੀ ਚੋਣ ਕੀਤੀ ਗਈ।
Job Fair
ਸਵੈ-ਰੁਜ਼ਗਾਰ ਲਈ ਚੁਣੇ ਗਏ ਉਮੀਦਵਾਰਾਂ ਵਿਚ ਪਟਿਆਲਾ ਤੋਂ 4492, ਮੋਹਾਲੀ ਜ਼ਿਲ੍ਹੇ ਤੋਂ 3808 ਅਤੇ ਹੁਸ਼ਿਆਰਪੁਰ ਤੋਂ 3596 ਉਮੀਦਵਾਰ ਹਨ। ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿਚ ਜਲੰਧਰ ਤੋਂ 956, ਕਪੂਰਥਲਾ ਤੋਂ 854, ਸੰਗਰੂਰ ਤੋਂ 817, ਰੂਪਨਗਰ ਤੋਂ 606 ਅਤੇ ਮੋਹਾਲੀ ਤੋਂ 529, ਗੁਰਦਾਸਪੁਰ ਤੋਂ 420 ਅਤੇ ਅੰਮ੍ਰਿਤਸਰ ਤੋਂ 318 ਉਮੀਦਵਾਰ ਸ਼ਾਮਲ ਹਨ।
Job fair
ਪੰਜਾਬ ਸਰਕਾਰ ਵਲੋਂ ਹਰੇਕ ਬੇਰੁਜ਼ਗਾਰ ਨੌਜਵਾਨ ਨੂੰ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ (ਸਵੈ ਜਾਂ ਉਜ਼ਰਤ) ਦੇ ਯੋਗ ਬਣਾਉਣ ਲਈ “ਘਰ ਘਰ ਰੁਜ਼ਗਾਰ ਮਿਸ਼ਨ'' ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿਚ ਗ਼ੈਰ-ਹੁਨਰਮੰਦ ਲੋਕਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ।