
ਕਲਗ਼ੀਧਰ ਟਰੱਸਟ ਬੜੂ ਸਾਹਿਬ 'ਐਸ.ਡੀ.ਜੀ ਐਕਸ਼ਨ ਐਵਾਰਡ' ਨਾਲ ਸਨਮਾਨਤ
to
ਸਿਰਮੌਰ, 29 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਪੰਜਾਬ ਯੋਜਨਾ ਵਿਭਾਗ ਨੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਨੂੰ ਟਿਕਾਊ ਵਿਕਾਸ ਟੀਚੇ ਪ੍ਰਾਪਤ ਕਰਨ ਲਈ 'ਐਸ.ਡੀ.ਜੀ ਐਕਸ਼ਨ ਐਵਾਰਡ' ਨਾਲ ਸਨਮਾਨਤ ਕੀਤਾ ਹੈ । ਐੱਸ.ਡੀ.ਜੀ. ਐਕਸ਼ਨ ਪੁਰਸਕਾਰ ਇਕ ਨਵੀਨ ਸਾਧਨ ਹੈ ਜੋ ਦੁਨੀਆਂ ਨੂੰ ਇਕ ਬੇਹਤਰ ਸਥਾਨ ਬਣਾਉਣ ਲਈ ਕੰਮ ਕਰ ਰਹੇ ਸਾਰੇ ਪਰਿਵਰਤਨਕਾਰੀਆਂ ਨੂੰ ਉਤਸ਼ਾਹਤ ਕਰਨ ਲਈ ਯਤਨ ਕਰੇਗਾ।
ਇਸ ਪੁਰਸਕਾਰ ਦੀ ਘੋਸ਼ਣਾ ਕਰਦਿਆਂ ਸਾਬਕਾ ਆਈ.ਏ.ਐਸ., ਲੇਖਕ ਅਤੇ ਪ੍ਰੇਰਕ ਬੁਲਾਰੇ ਵਿਵੇਕ ਅਤਰੇ ਨੇ ਕਿਹਾ, “ਕਲਗ਼ੀਧਰ ਟਰੱਸਟ ਨੇ ਵੱਡੀ ਗਿਣਤੀ ਵਿਚ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿਚ ਪੇਂਡੂ ਸਿਖਿਆ ਪ੍ਰੋਗਰਾਮ ਚਲਾਏ ਹਨ ਅਤੇ ਸੈਂਕੜੇ ਸਕੂਲ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਟਰੱਸਟ ਵਲੋਂ ਰਾਜ ਵਿਚ ਪੇਂਡੂ ਵਿਦਿਆਰਥੀਆਂ ਦੀ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜ਼ਿਲ੍ਹਾ-ਪਧਰੀ ਅਧਿਕਾਰੀਆਂ ਅਤੇ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ।
ਕਲਗ਼ੀਧਰ ਟਰੱਸਟ ਨੂੰ ਇਹ ਪੁਰਸਕਾਰ, ਉੱਤਰ ਭਾਰਤ ਵਿਚ ਲਗਭਗ 70,000 ਪੇਂਡੂ ਬੱਚਿਆਂ ਨੂੰ 129 ਸਕੂਲਾਂ ਦੁਆਰਾ ਮੁਹਈਆ ਕਾਰਵਾਈ ਜਾ ਰਹੀ ਘੱਟ ਕੀਮਤ ਅਤੇ ਮੁੱਲ-ਅਧਾਰਤ ਸਿਖਿਆ ਅਤੇ ਦੋ ਯੂਨੀਵਰਸਿਟੀਆਂ ਅਤੇ 2500 ਪੇਂਡੂ ਕੁੜੀਆਂ ਦੀ ਹੁਨਰ ਸਿਖਲਾਈ ਅਤੇ ਅਧਿਆਪਕਾਂ ਦੀ ਸਿਖਲਾਈ ਅਧੀਨ ਪਾਏ ਯੋਗਦਾਨ ਬਦਲੇ ਇਹ ਪੁਰਸਕਾਰ ਦਿਤਾ ਗਿਆ ਹੈ। ਨਾਲ ਹੀ ਨਾਰੀ-ਸਸ਼ਕਤੀਕਰਨ ਮੁਹਿੰਮ ਦੀ ਪ੍ਰਸ਼ੰਸਾ ਵੀ ਕੀਤੀ ਗਈ ਜਿਸ ਨਾਲ ਨਾਰੀ-ਸ਼ਕਤੀ ਇਕੱਤਰ ਹੁੰਦੀ ਹੈ ਅਤੇ ਅਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੀ ਹੈ।
ਯੂ.ਐਨ.ਡੀ.ਪੀ. ਦੁਆਰਾ ਸਹਿਯੋਗੀ ਐਸ.ਡੀ.ਜੀ.ਸੀ.ਸੀ., 'ਐ.ਡੀ.ਜੀ 2030 ਟੀਚਿਆਂ' ਨੂੰ ਲਾਗੂ ਕਰਨ ਅਤੇ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਣ ਪਲੇਟਫ਼ਾਰਮ ਹੈ, ਜੋ ਸਾਰੇ ਹਿੱਸੇਦਾਰਾਂ ਨੂੰ ਇਕੱਤਰ ਕਰ ਕੇ ਪੰਜਾਬ ਰਾਜ ਨੂੰ ਸਹੂਲਤਾਂ, ਤਕਨੀਕੀ ਗਿਆਨ, ਸਮਰੱਥਾ, ਸਰੋਤਾਂ ਅਤੇ ਪ੍ਰਣਾਲੀਆਂ ਨਾਲ ਪੂਰੀ ਤਰ੍ਹਾਂ ਤਿਆਰ ਕਰਦਾ ਹੈ। ਅਜਿਹੀਆਂ ਸੰਸਥਾਵਾਂ ਨੂੰ ਤਬਦੀਲੀ-ਨਿਰਮਾਤਾਵਾਂ ਵਜੋਂ ਮਾਨਤਾ ਮਿਲਦੀ ਵੇਖਣਾ ਇਕ ਤਾਜ਼ਗੀ ਭਰਿਆ ਤਜਰਬਾ ਹੁੰਦਾ ਹੈ ਜੋ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।