
ਪੰਜਾਬ ਸਰਕਾਰ ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ-ਪਰਗਟ ਸਿੰਘ
ਪਟਿਆਲਾ: ਪੰਜਾਬ ਦੇ ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦੇ ਮੰਤਰੀ ਸ. ਪਰਗਟ ਸਿੰਘ ਅੱਜ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ ਲਈ ਇੱਥੇ ਬਡੂੰਗਰ ਸਥਿਤ ਇੱਕ ਨਿਜੀ ਹਸਪਤਾਲ 'ਚ ਪੁੱਜੇ। ਉਨ੍ਹਾਂ ਨੇ ਇਸ ਮੌਕੇ ਸ. ਕੌਰ ਸਿੰਘ, ਜੋਕਿ ਪਦਮਸ੍ਰੀ, ਅਰਜੁਨ ਅਵਾਰਡ ਅਤੇ ਵਿਸ਼ਿਸਟ ਸੈਨਾ ਮੈਡਲ ਨਾਲ ਸਨਮਾਨਤ, ਮੁੱਕੇਬਾਜੀ ਦੇ ਕੌਮਾਂਤਰੀ ਖਿਡਾਰੀ ਹਨ ਅਤੇ ਸਰੀਰਕ ਪੱਖੋਂ ਠੀਕ ਨਾ ਹੋਣ ਕਾਰਨ ਇਲਾਜ ਅਧੀਨ ਹਨ, ਦਾ ਹਾਲ-ਚਾਲ ਜਾਣਿਆ। ਜਿਕਰਯੋਗ ਹੈ ਕਿ ਸ. ਕੌਰ ਸਿੰਘ 1982 ਏਸ਼ੀਅਨ ਗੇਮਜ ਗੋਲਡ, ਏਸ਼ੀਅਨ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਮੁਕੇਬਾਜ ਹਨ।
Pargat Singh enquire after the health of International Boxer Kaur Singh
ਖੇਡਾਂ ਤੇ ਯੁਵਕ ਭਲਾਈ, ਉਚੇਰੀ ਸਿੱਖਿਆ ਤੇ ਭਾਸ਼ਾ, ਸਕੂਲ ਸਿੱਖਿਆ ਅਤੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਸ. ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਪੰਜਾਬ ਸਰਕਾਰ ਸ. ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।
Pargat Singh enquire after the health of International Boxer Kaur Singh
ਸ. ਪਰਗਟ ਸਿੰਘ ਨੇ ਸ. ਕੌਰ ਸਿੰਘ ਨਾਲ 1996 ਉਲੰਪਿਕ ਖੇਡਾਂ ਦੇ ਸਮੇਂ ਦੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸ. ਕੌਰ ਸਿੰਘ ਦੀ ਸੁਪਤਨੀ ਬਲਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਜਿਹੇ ਮਾਣਮੱਤੇ ਤੇ ਚਾਨਣ ਮੁਨਾਰੇ ਖਿਡਾਰੀਆਂ ਦੇ ਸਦਾ ਨਾਲ ਹੈ।
Pargat Singh enquire after the health of International Boxer Kaur Singh
ਖੇਡ ਮੰਤਰੀ ਨੇ ਸ. ਕੌਰ ਸਿੰਘ ਦਾ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਦੇ ਮੈਂਬਰ, ਡਾ. ਹਰਸ਼ਵਰਧਨ ਖੁਰਾਣਾ, ਡਾ. ਇੰਦਰਜੀਤ ਕੌਰ ਤੇ ਡਾ. ਐਮ.ਐਸ. ਆਹਲੂਵਾਲੀਆ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਸ. ਕੌਰ ਸਿੰਘ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਪਟਿਆਲਾ ਐਸ.ਪੀ. ਸਿਟੀ ਸ. ਹਰਪਾਲ ਸਿੰਘ, ਜੋ ਕਿ ਖ਼ੁਦ ਮੁੱਕੇਬਾਜੀ ਦੇ ਕੌਮਾਂਤਰੀ ਖਿਡਾਰੀ ਹਨ, ਨੂੰ ਵਿਸ਼ੇਸ਼ ਤੌਰ 'ਤੇ ਸ. ਕੌਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਖਿਆਲ ਰੱਖਣ ਲਈ ਆਖਿਆ।